ਨਵੀਂ ਦਿੱਲੀ 21 ਅਕਤੂਬਰ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਕਿਹਾ ਕਿ 41 ਕੈਨੇਡੀਆਈ ਡਿਪਲੋਮੈਟਾਂ ਦੀ ਡਿਪਲੋਮੇਸੀ ਛੋਟ ਰੱਦ ਕਰ ਕੇ ਭਾਰਤ ਸਰਕਾਰ ਭਾਰਤ ਅਤੇ ਕੈਨੇਡਾ ਵਿਚ ਲੱਖਾਂ ਲੋਕਾਂ ਦੇ ਲਈ ਜ਼ਿੰਦਗੀ ਨੂੰ ਆਮ ਤੌਰ ’ਤੇ ਜਾਰੀ ਰੱਖਣਾ ਔਖਾ ਬਣਾ ਰਹੀ ਹੈ ਅਤੇ ਉਹ ਕੂਟਨੀਤੀ ਦੇ ਬਹੁਤ ਹੀ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੱਖਾਂ ਕੈਨੇਡੀਆਈ ਲੋਕਾਂ ਲਈ ਬਹੁਤ ਪਰੇਸ਼ਾਨ ਹਨ ਜੋ ਭਾਰਤੀ ਉਪ ਮਹਾਦੀਪ ਨਾਲ ਸਬੰਧਤ ਹਨ। ਉਨ੍ਹਾਂ ਦਾ ਸੰਕੇਤ ਖਾਸ ਕਰ ਕੇ ਕੈਨੇਡਾ ਵਿਚ ਵਸੇ ਲੱਖਾਂ ਪੰਜਾਬੀਆਂ ਵੱਲ ਹੈ। ਬ੍ਰੈਂਪਟਨ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਟਰੂਡੋ ਨੇ ਕਿਹਾ ਕਿ ਕੈਨੇਡੀਆਈ ਡਿਪਲੋਮੈਟਾ ’ਤੇ ਭਾਰਤ ਸਰਕਾਰ ਦੀ ਕਾਰਵਾਈ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ।