ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਪੰਜਾਬ ਲੋਕ ਰੰਗ ਮੰਚ ਵੱਲੋ ਨਾਟਕ-ਕਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਇੱਤਿਹਾਸਕ ਨਾਟਕ ਜ਼ਫ਼ਰਨਾਮਾਂ ਫਰਿਜਨੋ ਦੇ ਸੈਂਟਰਲ ਹਾਈ ਸਕੂਲ ਦੇ ਆਡੋਟੋਰੀਅਮ ਵਿਖੇ ਦਰਸ਼ਕਾਂ ਦੇ ਖਚਾ-ਖਚ ਭਰੇ ਹਾਲ ਅੰਦਰ ਖੇਡਿਆ ਗਿਆ। ਨਾਟਕ ਦੀ ਸ਼ੁਰੂਆਤ ਤਾਰਾ ਸਿੰਘ ਬੱਲ ਨੇ ਅਰਦਾਸ ਕਰਨ ਉਪਰੰਤ ਕੀਤੀ। ਇਸ ਮੌਕੇ ਉੱਘੇ ਟਰਾਸਪੋਰਟਰ ਬਲਵਿੰਦਰ ਸਿੰਘ ਧਨੋਆ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖੀ ਤੇ ਨਾਟਕ ਦੇ ਥੀਂਮ ਤੇ ਪੰਛੀ ਝਾਤ ਪਵਾਈ ‘ਤੇ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਅਖੀਰ ਪੜਦਾ ਹਟਿਆ ਤੇ ਸਿੱਖ ਇਤਿਹਾਸ ਦੇ ਪੱਤਰਿਆਂ ਨੂੰ ਫਰੋਲਦਾ ਇਹ ਨਾਟਕ ਦਰਸ਼ਕਾਂ ਨੂੰ ਇੱਕ ਵੱਖਰੇ ਵਿਸਮਾਦ ਵੱਲ ਲੈ ਗਿਆ।
ਪਹਾੜੀ ਰਾਜਿਆਂ ਦੇ ਦੋਗਲੇ ਕਿਰਦਾਰ ਨੂੰ ਉਘੇੜਦਾ ਨਾਟਕ, ਅਨੰਦਪੁਰ ਸਹਿਬ ਦੇ ਕਿਲੇ ਤੋ ਛੋਟੇ ਸਹਿਬਜਾਦਿਆ ਦੀ ਸ਼ਹੀਦੀ ਨੂੰ ਦਰਸਾਉਂਦਾ ਅੰਤ ਜ਼ਫ਼ਰਨਾਮੇ ਤੇ ਜਾਕੇ ਅਟਕਿਆ ਤੇ ਇਸ ਨਾਟਕ ਵਿੱਚ ਜੋ ਪੱਖ ਔਰੰਗਜੇਬ ਦਾ ਵਿਖਾਇਆ ਗਿਆ ,ਓਹ ਵੀ ਵਿਲੱਖਣ ਸੀ। ਇਸ ਨਾਟਕ ਰਾਹੀ ਔਰੰਗਜੇਬ ਦੀ ਜ਼ਿੰਦਗੀ ਦੇ ਆਖ਼ਰੀ ਪਲ਼ਾਂ ਨੂੰ ਬੜੀ ਸ਼ਿੱਦਤ ਨਾਲ ਮੰਚ ਤੇ ਵਿਖਾਇਆ ਗਿਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਦੁਬਾਰਾ ਚਿੱਠੀ ਨੁਮਾਂ ਜ਼ਫ਼ਰਨਾਮੇ ਨੇ ਬਾਦਸ਼ਾਹ ਔਰੰਗਜੇਬ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਮੇਰੇ ਰਾਜ ਵਿੱਚ ਦੋ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰਤੇ ਜਿੰਦਾ ਚਿਣਕੇ ਸ਼ਹੀਦ ਕੀਤਾ ਗਿਆ, ਬੱਸ ਇਹੀ ਪਛਤਾਵਾ ਉਸਦੀ ਮੌਤ ਦਾ ਕਾਰਨ ਬਣਿਆ। ਸਕ੍ਰੀਨ ਪਲੇਅ ਦੇ ਨਾਲ ਨਾਲ ਸਾਰੇ ਕਲਾਕਾਰਾਂ ਨੇ ਆਪੋ ਆਪਣਾ ਰੋਲ ਬਾਖੂਬੀ ਨਿਭਾਇਆ।
ਸੁਰਿੰਦਰ ਸਿੰਘ ਧਨੋਆ ਦੁਬਾਰੇ ਨਿਭਾਏ ਔਰੰਗਜੇਬ ਦੇ ਕਿਰਦਾਰ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਅਖੀਰ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆ ਨੂੰ ਉਘੇੜਦਾ ਇਹ ਨਾਟਕ ਯਾਦਗਾਰੀ ਹੋ ਨਿੱਬੜਿਆ । ਇਸ ਨਾਟਕ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਜਿੱਥੇ ਸਮੂਹ ਦਰਸ਼ਕਾਂ ਸਿਰ ਜਾਂਦਾ ਹੈ, ਓਥੇ ਸਮੂਹ ਸਪਾਂਸਰ ਵੀਰਾਂ ਦੇ ਨਾਲ ਨਾਲ ਸਮਾਜਸੇਵੀ ਕਿੱਟੀ ਗਿੱਲ ਅਤੇ ਗੁਰਦਵਾਰਾ ਨਾਨਕ ਪ੍ਰਕਾਸ਼ ਦੇ ਸਮੂਹ ਸੇਵਾਦਾਰਾਂ ਨੂੰ ਵੀ ਕਰੈਡਿੱਟ ਦੇਣਾ ਬਣਦਾ ਹੈ। ਅਖੀਰ ਗੁਰਦਵਾਰਾ ਨਾਨਕ ਪ੍ਰਕਾਸ਼ ਦੇ ਮੁੱਖ ਸੇਵਾਦਾਰ ਸ. ਜਤਿੰਦਰ ਸਿੰਘ ਨੇ ਇਸ ਨਾਟਕ ਦੇ ਸਫਲ ਮੰਚਨ ਲਈ ਨਾਟਕ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਤੇ ਉਹਨਾਂ ਆਸ ਲਗਾਈ ਕਿ ਪੰਜਾਬ ਰੰਗ ਮੰਚ ਦੀ ਟੀਮ ਅੱਗੇ ਤੋਂ ਵੀ ਇਹੋ ਜਿਹੇ ਨਾਟਕ ਲਿਆਉਂਦੀ ਰਹੇਗੀ ਤੇ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੀ ਰਹੇਗੀ। ਸ. ਬਲਵਿੰਦਰ ਸਿੰਘ ਧਨੋਆ ਨੇ ਕਿਹਾ ਕਿ ਸਾਡੀ ਟੀਮ ਦੀ ਅਗਲੀ ਪੇਸ਼ਕਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਅਧਾਰਤ ਹੋਵੇਗੀ।