9 ਦਸੰਬਰ ਨੂੰ ਇੰਪਰੂਵਮੈਂਟ ਟਰੱਸਟ ਦੀ ਟੀਮ ਨੇ ਕਰੀਬ 600 ਪੁਲਿਸ ਮੁਲਾਜ਼ਮਾਂ ਦੇ ਨਾਲ ਮਸ਼ੀਨਾਂ ਲੈ ਕੇ ਜਲੰਧਰ ਦੇ ਲਤੀਫਪੁਰਾ ਚ ਨਾਜਾਇਜ਼ ਮਕਾਨਾਂ ਨੂੰ ਢਾਹ ਦਿੱਤਾ ਸੀ ,ਜਿਸ ਤੋਂ ਬਾਅਦ ਇਹ ਲੋਕ ਸੜਕਾਂ ‘ਤੇ ਆ ਗਏ ਸਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇੰਨ੍ਹਾਂ ਬੇਘਰ ਹੋਏ ਲੋਕਾਂ ਦੇ ਮੁੜ ਵਸੇਬੇ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ, ਉਥੇ ਹੀ ਲਤੀਫਪੁਰਾ ਚ ਬੇਘਰ ਹੋਏ ਲੋਕ ਬਰਫੀਲੀਆਂ ਰਾਤਾਂ ਚ ਬਿਨਾਂ ਛੱਤ ਦੇ ਰਾਤਾਂ ਬਿਤਾਉਣ ਲਈ ਮਜਬੂਰ ਹਨ। ਸੋਮ ਪ੍ਰਕਾਸ਼ ਨੇ ਇੰਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਜਿਤਾਉਂਦਿਆਂ ਚਿੱਠੀ ਚ ਕਿਹਾ ਕਿ ਪਿੰਡ ਲਤੀਫਪੁਰਾ ਵਿੱਚ ਪ੍ਰਸ਼ਾਸਨ ਵੱਲੋਂ ਢਾਹੁਣ ਦੀ ਮੁਹਿੰਮ ਨੇ ਕਈ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਘਰ ਢਾਹੇ ਜਾਣ ਦੀ ਮੁਹਿੰਮ ਵਿਗੜੇ ਮੌਸਮ ਦੌਰਾਨ ਅਤੇ ਸਹੀ ਹੱਦਬੰਦੀ ਤੋਂ ਬਿਨਾਂ ਚਲਾਈ ਗਈ ਸੀ। ਬੁੱਢੇ, ਬੱਚੇ ਅਤੇ ਔਰਤਾਂ ਜਮਾਉਣ ਵਾਲੀਆਂ ਠੰਢ ਦੀਆਂ ਰਾਤਾਂ ਵਿੱਚ ਖੁੱਲ੍ਹੇ ਅਸਮਾਨ ਹੇਠ ਸੌਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ‘ਤੇ ਸਥਾਨ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮੁੜ ਵਸੇਬੇ ਅਤੇ ਢੁਕਵੇਂ ਮੁਆਵਜ਼ੇ ਦੀ ਲੋੜ ਹੈ।ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਘੋਖ ਕਰਨ ਅਤੇ ਲਤੀਫਪੁਰਾ ਦੇ ਪ੍ਰਭਾਵਿਤ ਪਰਿਵਾਰਾਂ ਦੇ ਤੁਰੰਤ ਮੁੜ ਵਸੇਬੇ ਲਈ ਲੋੜੀਂਦੀ ਕਾਰਵਾਈ ਕਰਨ ਲਈ ਕਹਿਣ।