ਫਰਿਜ਼ਨੋ (ਕੈਲੀਫੋਰਨੀਆ), 1 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਸਟੇਟ ਦੀਆਂ ਕਾਉਂਟੀਆਂ ਦੁਆਰਾ ਜੰਗਲੀ ਅੱਗਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ।ਇਹਨਾਂ ਜੰਗਲੀ ਅੱਗਾਂ ਨਾਲ ਜਿੱਥੇ ਵੱਡੇ ਪੱਧਰ ਤੇ ਤਬਾਹੀ ਹੁੰਦੀ ਹੈ, ਉੱਥੇ ਹੀ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਵੀ ਮਜ਼ਬੂਰ ਹੋਣਾ ਪੈਂਦਾ ਹੈ। ਅਜਿਹੀ ਹੀ ਮੁਸ਼ਕਿਲ ਦਾ ਸਾਹਮਣਾ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ਵਿੱਚ ਜੰਗਲੀ ਅੱਗ ਕਾਰਨ ਕੇਰਕਫ ਝੀਲ ਦੇ ਨੇੜਲੇ ਵਸਨੀਕ ਕਰ ਰਹੇ ਹਨ। ਕੈਲ ਫਾਇਰ ਦੇ ਅਧਿਕਾਰੀਆਂ ਅਨੁਸਾਰ ਇਹ ਜੰਗਲੀ ਅੱਗ ਜਿਸ ਦਾ ਨਾਮ ‘ਸਮੈਲੀ ਫਾਇਰ’ ਹੈ ਦੇ ਨਾਲ 45 ਏਕੜ ਸੜ ਗਏ ਹਨ। ਫਾਇਰ ਡਿਪਾਰਟਮੈਂਟ ਦੇ ਕਰਮਚਾਰੀ
ਉੱਤਰੀ ਫੋਰਕ ਦੇ ਬਿਲਕੁਲ ਦੱਖਣ ਵਿੱਚ, ਰੋਡ 222 ਦੇ ਨੇੜੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਜਦਕਿ ਕੋਰੀਨ ਲੇਕ ਰੋਡ ਖੇਤਰ ਹੇਠਾਂ ਸਾਰੇ ਵਸਨੀਕ ਘਰ ਖਾਲੀ ਕਰਨ ਦੇ ਹੁਕਮਾਂ ਅਧੀਨ ਹਨ। ਸਮੈਲੀ ਅੱਗ ਲੱਗਣ ਦੀ ਰਿਪੋਰਟ ਸੋਮਵਾਰ ਦੁਪਹਿਰ ਤੋਂ ਬਾਅਦ ਕੀਤੀ ਗਈ ਸੀ ਜੋ ਕਿ ਬਹੁਤ ਹੀ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਪਹੁੰਚ ਰਹੀ ਹੈ।
ਇਸ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮੱਦਦ ਕਰਨ ਲਈ ਰੈੱਡ ਕਰਾਸ ਵੱਲੋਂ ਇੱਕ ਰਾਹਤ ਕੇਂਦਰ ਖੋਲ੍ਹਿਆ ਗਿਆ ਹੈ। ਰੈੱਡ ਕਰਾਸ ਨੇ 39800 ਰੋਡ 425 ਬੀ ‘ਤੇ ਸਥਿਤ ਓਖੁਰਸਟ ਕਮਿਊਨਿਟੀ ਸੈਂਟਰ ਵਿੱਚ ਆਪਣਾ ਇੱਕ ਰਾਹਤ ਕੇਂਦਰ ਖੋਲ੍ਹਿਆ ਹੈ। ਇਸ ਕੇਂਦਰ ਵਿੱਚ ਰੈੱਡ ਕਰਾਸ ਦੇ ਵਲੰਟੀਅਰ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕਰ ਰਹੇ ਹਨ ਅਤੇ ਇਸ ਵਿੱਚ ਲੋਕਾਂ ਲਈ ਅਸਥਾਈ ਰਿਹਾਇਸ਼ ਦੇ ਨਾਲ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।