ਫਰਿਜ਼ਨੋ (ਕੈਲੀਫੋਰਨੀਆ), 27 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਗੋਲੀਬਾਰੀ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਗੋਲੀਬਾਰੀ ਦੀਆਂ ਇਹਨਾਂ ਘਟਨਾਵਾਂ ਕਰਕੇ ਹਰ ਸਾਲ ਸੈਂਕੜੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ। ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਘਰ ਦੇ ਬਾਹਰ ਗੋਲੀਬਾਰੀ ਦੀ ਇੱਕ ਘਟਨਾ ਵਿੱਚ ਇੱਕ ਫੌਜੀ ਪਤੀ ਪਤਨੀ ਦੀ ਹੱਤਿਆ ਕੀਤੀ ਗਈ ਹੈ। ਇਸ ਗੋਲੀਬਾਰੀ ਦੀ ਘਟਨਾ ਬਾਰੇ ਫੇਅਰਫੈਕਸ ਕਾਉਂਟੀ ਪੁਲਿਸ ਨੇ ਦੱਸਿਆ ਕਿ ਸਪਰਿੰਗਫੀਲਡ ਵਿੱਚ ਫਲਿੰਟ ਸਟ੍ਰੀਟ ਦੇ 8000 ਬਲਾਕ ਵਿੱਚ 55 ਸਾਲਾਂ ਐਡਵਰਡ ਮੈਕਡੇਨੀਏਲ ਅਤੇ ਉਸਦੀ 63 ਸਾਲਾਂ ਪਤਨੀ ਬਰੈਂਡਾ ਮੈਕਡੇਨੀਅਲ ਨੂੰ ਜਾਨ ਤੋਂ ਮਾਰ ਦਿੱਤਾ ਗਿਆ। ਇਹ ਦੋਵੇਂ ਫੌਜੀ ਸਨ। ਜਦਕਿ ਐਡਵਰਡ ਅਮਰੀਕੀ ਫੌਜ ਵਿੱਚ ਕਰਨਲ ਸੀ। ਫੇਅਰਫੈਕਸ ਪੁਲਿਸ ਅਨੁਸਾਰ ਇਸ ਗੋਲੀਬਾਰੀ ਦਾ ਉਦੇਸ਼ ਅਜੇ ਅਸਪਸ਼ਟ ਹੈ, ਪਰ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਇਸ ਜੋੜੇ ਦੇ ਘਰ ਵਿੱਚ ਸੋਮਵਾਰ ਨੂੰ ਹੋਈ ਇੱਕ ਚੋਰੀ ਨਾਲ ਸਬੰਧਤ ਹੈ। ਇਸ ਕੇਸ ਦੀ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਘਰ ਵਿੱਚ ਚੋਰੀ ਕਰਨ ਵਾਲੇ ਵਿਅਕਤੀ ‘ਤੇ ਹੀ ਗੋਲੀਬਾਰੀ ਦਾ ਸ਼ੱਕ ਹੈ। ਗੋਲੀਬਾਰੀ ਦੀ ਸੂਚਨਾ ਮਿਲਣ ਉਪਰੰਤ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਅਗਲੇ ਵਿਹੜੇ ਵਿੱਚ ਪਾਇਆ, ਦੋਨਾਂ ਦੀਆਂ ਲਾਸ਼ਾਂ ‘ਤੇ ਗੋਲੀਆਂ ਦੇ ਜ਼ਖਮ ਸਨ। ਇਸ ਮਾਮਲੇ ਵਿੱਚ ਜਾਂਚ ਕਰਤਾ ਮੈਰੀਲੈਂਡ ਲਾਇਸੈਂਸ ਪਲੇਟ ਨੰਬਰ 1EF1479 ਦੇ ਨਾਲ ਹਲਕੇ ਰੰਗ ਦੀ 2018 ਨਿਸਾਨ ਅਲਟੀਮਾ ਕਾਰ ਦੀ ਭਾਲ ਕਰ ਰਹੇ ਹਨ। ਇਸਦੇ ਇਲਾਵਾ ਹਮਲਾਵਰ ਦੀ ਜਾਣਕਾਰੀ ਦੇਣ ਲਈ 10,000 ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ।