ਫਰਿਜ਼ਨੋ (ਕੈਲੀਫੋਰਨੀਆ), 18 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਉੱਤਰ ਪੱਛਮੀ ਇੰਡੀਆਨਾ ਵਿੱਚ ਪੁਲਿਸ ਦੁਆਰਾ ਰੁਟੀਨ ਟ੍ਰੈਫਿਕ ਸਟਾਪ ਦੌਰਾਨ ਇੱਕ ਪੁਲਸੀਆ ਕੁੱਤੇ ਦੀ ਮੱਦਦ ਨਾਲ 8 ਮਿਲੀਅਨ ਡਾਲਰ ਮੁੱਲ ਤੋਂ ਵੱਧ ਦੀ
ਤਕਰੀਬਨ ਅੱਧਾ ਟਨ ਤੋਂ ਵੱਧ ਭੰਗ ਬਰਾਮਦ ਕੀਤੀ ਗਈ। ਇੰਡੀਆਨਾ ਸਟੇਟ ਪੁਲਿਸ ਦੁਆਰਾ ਜਾਰੀ ਕੀਤੇ ਗਏ ਇੱੱਕ ਬਿਆਨ ਅਨੁਸਾਰ ਇਹ ਬਰਾਮਦੀ ਮੰਗਲਵਾਰ, 16 ਮਾਰਚ ਨੂੰ ਸਵੇਰੇ 11: 15 ਵਜੇ ਇੱਕ ਇੰਡੀਆਨਾ ਸਟੇਟ ਪੁਲਿਸ ਦੇ ਜਵਾਨ ਵੱਲੋਂ ਸ਼ਿਕਾਗੋ ਤੋਂ 50 ਮੀਲ ਦੱਖਣ-ਪੂਰਬ ਵਿੱਚ, ਲੋਏਲ ਕਸਬੇ ਨੇੜੇ ਇੱਕ ਵੈਨ ਨੂੰ ਰੋਕਣ ਦੌਰਾਨ ਹੋਈ। ਇਸ ਸਟਾਪ ਦੌਰਾਨ ਅਧਿਕਾਰੀ ਦੁਆਰਾ ਕੈਲੀਫੋਰਨੀਆ ਦੇ ਮੈਕਕਿਨਵਿਲੇ ਨਾਲ ਸੰਬੰਧਿਤ 31ਸਾਲਾਂ ਡਰਾਈਵਰ ਕ੍ਰਿਸਟੋਫਰ ਐਸ. ਕੋਲਬਰਨ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਉੱਪਰ ਸ਼ੱਕ ਹੋਣ ‘ਤੇ ਪੁਲਿਸ ਦੇ ਖੋਜੀ ਕੁੱਤੇ ਦੀ ਮੱਦਦ ਨਾਲ ਵਾਹਨ ਦੇ ਅੰਦਰੋਂ ਜਾਂਚ ਕੀਤੀ ਗਈ। ਇਸ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ 38 ਵੱਡੇ ਬਕਸੇ ਅਤੇ 6 ਕਾਲੇ ਗਾਰਬੇਜ਼ ਬੈਗ ਬਰਾਮਦ ਕੀਤੇ। ਬਕਸਿਆਂ ਦੇ ਅੰਦਰ ਕੁੱਲ 1,264 ਅਲੱਗ ਤੌਰ ਤੇ ਸੀਲ ਕੀਤੇ ਬੈਗ ਬਰਾਮਦ ਕੀਤੇ ਗਏ, ਜਿਹਨਾਂ ਵਿੱਚੋਂ ਹਰੇਕ ਦਾ ਲੱਗਭਗ 1.5 ਪੌਂਡ ਭਾਰ ਸੀ, ਅਤੇ ਇਸ ਵਿੱਚ ਹਰੇ ਰੰਗ ਦੀ ਸਮੱਗਰੀ ਸੀ। ਜਿਸ ਦੀ ਬਾਅਦ ਵਿੱਚ ਇੱਕ ਫੀਲਡ ਟੈਸਟ ਨੇ ਭੰਗ ਵਜੋਂ ਪੁਸ਼ਟੀ ਕੀਤੀ। ਅਧਿਕਾਰੀਆਂ ਅਨੁਸਾਰ ਇਸ ਬਰਾਮਦ ਕੀਤੀ ਭੰਗ ਦੀ ਕੀਮਤ ਲੱਗਭਗ 5.7 ਤੋਂ 8.5 ਮਿਲੀਅਨ ਡਾਲਰ ਹੈ। ਪੁਲਿਸ ਦੁਆਰਾ ਕੋਲਬਰਨ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰਕੇ ਲੇਕ ਕਾਉਂਟੀ ਜੇਲ੍ਹ ਵਿੱਚ ਭੇਜਿਆ ਗਿਆ ਜਿਥੇ ਉਸ ਉੱਪਰ ਭੰਗ ਨਾਲ ਸੰਬੰਧਿਤ ਦੋਸ਼ ਲਗਾਏ ਗਏ ।