ਫਰਿਜ਼ਨੋ (ਕੈਲੀਫੋਰਨੀਆ), 29 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਸੂਬੇ ਦੀ ਫਰਿਜ਼ਨੋ ਕਾਉਂਟੀ ਵਿੱਚ ਕੋਰੋਨਾਂ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸੰਬੰਧੀ ਸਿਹਤ ਵਿਭਾਗ ਅਨੁਸਾਰ ਕਾਉਂਟੀ ਦੇ ਰੋਜ਼ਾਨਾ ਦੇ ਵੱਧਦੇ ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦੀ ਔਸਤਨ ਗਿਣਤੀ ਪਿਛਲੇ ਦੋ ਹਫਤਿਆਂ ਦੌਰਾਨ ਅੱਧੀ ਰਹਿ ਗਈ ਹੈ, ਜੋ ਕਿ ਕੋਰੋਨਾਂ ਵਾਇਰਸ ਦੀ ਸਥਿਤੀ ਵਿੱਚ ਸੁਧਾਰ ਦਾ ਸੰਕੇਤ ਹੋ ਸਕਦਾ ਹੈ।ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਨੇ ਵੀਰਵਾਰ ਨੂੰ ਫਰਿਜ਼ਨੋ ਕਾਉਂਟੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 213 ਨਵੇਂ ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਦਰਜ਼ ਕੀਤੀ ਹੈ, ਜੋ ਕਿ ਪਿਛਲੇ ਸੱਤ ਦਿਨਾਂ ਵਿੱਚ, ਹਰ ਰੋਜ਼ ਨਵੇਂ ਕੇਸਾਂ ਦੀ ਔਸਤਨ ਗਿਣਤੀ 470 ਸੀ। ਇਸਦੇ ਇਲਾਵਾ 14 ਜਨਵਰੀ ਨੂੰ ਪਹਿਲੇ ਸੱਤ ਦਿਨਾਂ ਦੀ ਔਸਤ ਪ੍ਰਤੀ ਦਿਨ 982 ਕੇਸ ਸੀ। ਇਸ ਮਹੀਨੇ ਫਰਿਜ਼ਨੋ ਕਾਉਂਟੀ ਵਿੱਚ ਤਕਰੀਬਨ 21,500 ਤੋਂ ਵੱਧ ਕੇਸ ਦਰਜ਼ ਹੋਏ ਹਨ।ਫਰਿਜ਼ਨੋ ਕਾਉਂਟੀ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਅਨੁਸਾਰ ਵੀਰਵਾਰ ਦੀ ਦੁਪਹਿਰ ਤੱਕ ਖੇਤਰ ਵਿੱਚ ਕੋਈ ਨਵੀ ਕੋਰੋਨਾ ਮੌਤ ਦਰਜ਼ ਨਹੀ ਹੋਈ ਹੈ। ਹਾਲਾਂਕਿ ਇਸ ਹਫ਼ਤੇ ਤੱਕ ਸਿਹਤ ਅਧਿਕਾਰੀਆਂ ਦੁਆਰਾ ਵਾਇਰਸ ਨਾਲ 79 ਮੌਤਾਂ ਦੀ ਪੁਸ਼ਟੀ ਕੀਤੀ ਗਈ ਸੀ। ਸਿਹਤ ਅਧਿਕਾਰੀਆਂ ਅਨੁਸਾਰ ਪਿਛਲੀ ਬਸੰਤ ਰੁੱਤ ਤੋਂ ਕੋਰੋਨਾਂ ਵਾਇਰਸ ਨਾਲ ਹੋਈਆਂ ਕੁੱਲ 1,122 ਜਾਨਾਂ ਵਿੱਚੋਂ 411 ਜਨਵਰੀ ਵਿੱਚ ਹੋਈਆਂ ਹਨ।