ਫਰਿਜ਼ਨੋ (ਕੈਲੀਫੋਰਨੀਆਂ), 17 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮਿਲੀ ਹਾਰ ਤੇ ਡੌਨਾਲਡ ਟਰੰਪ ਵੱਲੋਂ ਚੋਣ ਨਤੀਜਿਆਂ ਵਿੱਚ ਧੋਖਾਧੜੀ ਦੇ ਦਾਅਵੇ ਕਰਨ ਤੋਂ ਬਾਅਦ ਦੇਸ਼ ਵਿੱਚ ਟਰੰਪ ਹਮਾਇਤੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਟਰੰਪ ਦੇ 2020 ਦੇ ਚੋਣ ਨਤੀਜਿਆਂ ਦੇ ਵਿਰੋਧ ਦੇ ਸਮਰਥਨ ਵਿੱਚ, ਵਾਸ਼ਿੰਗਟਨ, ਡੀ ਸੀ ਵਿੱਚ ਹਜਾਰਾਂ ਸਮਰੱਥਕਾਂ ਵੱਲੋਂ ਸੜਕਾਂ ਤੇ ਉਤਰਨ ਤੋਂ ਇੱਕ ਦਿਨ ਬਾਅਦ, ਐਤਵਾਰ ਨੂੰ ਕੈਲੀਫੋਰਨੀਆਂ ਦੇ ਫਰਿਜ਼ਨੋ ਖੇਤਰ ਦੇ ਦਰਜਨਾਂ ਵਿਅਕਤੀਆਂ ਨੇ ਕਲੋਵਿਸ ਤੋਂ ਸ਼ੇਵਰ ਲੇਕ ਤੱਕ ਵਾਹਨ ਪਰੇਡ ਵਿੱਚ ਹਿੱਸਾ ਲਿਆ। ਪ੍ਰਬੰਧਕਾਂ ਨੇ ਇਸ ਨੂੰ ” ਸਾਡੇ ਰਾਸ਼ਟਰਪਤੀ ਦਾ ਸਮਰਥਨ ਕਰਨ ਲਈ ਇੱਕ ਹੋਰ ਪਰੇਡ ” ਦੱਸਿਆ। ਇਸ ਪ੍ਰਦਰਸ਼ਨ ਵਿੱਚ ਤਕਰੀਬਨ 50 ਵਾਹਨਾਂ ਨੇ ਹਿੱਸਾ ਲਿਆ। ਇਸ ਪਰੇਡ ਵਿੱਚ ਸ਼ਾਮਿਲ ਲੋਕਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ, ਇਸ ਦੌਰਾਨ ਹਿੱਸਾ ਲੈਣ ਵਾਲੀ ਇੱਕ ਟਰੰਪ ਹਮਾਇਤੀ ਅਨੁਸਾਰ ਉਹ ਚੋਰੀ ਰੋਕਣ ਲਈ ਇਥੇ ਹਨ, ਕਿਉਂਕਿ ਚੋਣਾਂ ਸਹੀ ਢੰਗ ਨਾਲ ਗਿਣੀਆਂ ਨਹੀਂ ਗਈਆਂ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰਾਸ਼ਟਰਪਤੀ ਦੀ ਹਮਾਇਤ ਕਰਨ ਵਾਲੀ ਭੀੜ ਨੇ ਵਾਸ਼ਿੰਗਟਨ ਵਿੱਚ ਚੋਣ ਨਤੀਜਿਆਂ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਵੱਲ ਮਾਰਚ ਕੀਤਾ। ਜਿਸ ਵਿੱਚ ਰਾਤ ਵੇਲੇ ਹੋਈਆਂ ਝੜਪਾਂ ਕਾਰਨ 20 ਤੋਂ ਵੱਧ ਗਿਰਫ਼ਤਾਰ ਕੀਤੇ ਗਏ। ਇਸਦੇ ਨਾਲ ਹੀ ਸ਼ਨੀਵਾਰ ਨੂੰ ਕਈ ਹੋਰ ਸ਼ਹਿਰਾਂ ਵਿੱਚ ਵੀ ਟਰੰਪ ਦੇ ਸਮਰੱਥਕਾਂ ਦਾ ਇਕੱਠ ਵੇਖਿਆ ਗਿਆ ਜੋ ਡੈਮੋਕਰੇਟ ਜੋਅ ਬਾਈਡੇਨ ਦੀ ਜਿੱਤ ਨੂੰ ਜਾਇਜ਼ ਮੰਨਣ ਨੂੰ ਤਿਆਰ ਨਹੀਂ ਹਨ।