Menu

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ 65 ਥਾਂਈਂ ਧਰਨੇ ਜਾਰੀ

ਚੰਡੀਗੜ੍ਹ 31 ਅਕਤੂਬਰ(ਹਰਜੀਤ ਮਠਾੜੂ) – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਤੋਂ ਇਲਾਵਾ ਪਰਾਲ਼ੀ ਸਾੜਨ ਲਈ ਮਜਬੂਰ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਾਲਾ ਨਵਾਂ ਪ੍ਰਦੂਸ਼ਣ ਆਰਡੀਨੈਂਸ ਰੱਦ ਕਰਾਉਣ ਲਈ ਗਹਿਗੱਚ ਖੇਤੀ ਰੁਝੇਵਿਆਂ ਦੇ ਬਾਵਜੂਦ ਭਾਰੀ ਗਿਣਤੀ ‘ਚ ਔਰਤਾਂ ਤੇ ਨੌਜਵਾਨਾਂ ਸਮੇਤ 50000 ਤੋਂ ਵੱਧ ਕਿਸਾਨਾਂ ਮਜਦੂਰਾਂ ਦੇ ਦਿਨੇ ਰਾਤ ਧਰਨੇ 65 ਥਾਂਈਂ ਜਾਰੀ ਹਨ। ਪਰਾਲ਼ੀ ਸਾੜਨ ਦੇ ਦੋਸ਼ ‘ਚ 5 ਸਾਲ ਦੀ ਕੈਦ ਅਤੇ ਇੱਕ ਕ੍ਰੋੜ ਰੁਪਏ ਜੁਰਮਾਨੇ ਵਾਲੇ ਆਰਡੀਨੈਂਸ ‘ਚੋਂ ਮੋਦੀ ਸਰਕਾਰ ਦੀ ਕਿਸਾਨ ਦੁਸ਼ਮਣੀ ਤੇ ਕਾਰਪੋਰੇਟ ਵਫਾਦਾਰੀ ਨੰਗੀ ਚਿੱਟੀ ਝਲਕਦੀ ਹੈ, ਕਿਉਂਕਿ 85% ਕਿਸਾਨ 5 ਏਕੜ ਤੋਂ ਘੱਟ ਮਾਲਕੀ ਵਾਲੇ ਹਨ ਜਿਨ੍ਹਾਂ ਦੀ ਸਾਰੀ ਜ਼ਮੀਨ ਨੀਲਾਮ ਕਰਕੇ ਵੀ ਜੁਰਮਾਨੇ ਪੂਰੇ ਨਹੀਂ ਹੋਣੇ ਅਤੇ ਉਹਨਾਂ ਨੂੰ ਕਾਰਪੋਰੇਟਾਂ ਦੇ ਬੰਧੂਆ ਗੁਲਾਮ ਬਣਾਇਆ ਜਾਵੇਗਾ। ਬੀਤੇ ਦਿਨੀਂ ਧਰਨਿਆਂ ਦੌਰਾਨ ਸ਼ਹੀਦ ਹੋਣ ਵਾਲੀ ਮਾਤਾ ਤੇਜ ਕੌਰ ਬਰ੍ਹੇ (ਮਾਨਸਾ) ਅਤੇ ਮੇਘਰਾਜ ਨਾਗਰ (ਸੰਗਰੂਰ) ਦੇ ਵਾਰਸਾਂ ਲਈ ਪ੍ਰਚਲਤ ਮੁਆਵਜ਼ੇ ਖਾਤਰ ਦੋਨੋਂ ਡੀ ਸੀ ਦਫਤਰਾਂ ਦੇ ਅਤੇ ਡੀ ਸੀ ਮਾਨਸਾ ਦੀ ਰਿਹਾਇਸ਼ ਦੇ ਹਫਤਿਆਂ ਤੋਂ ਚੱਲ ਰਹੇ ਦਿਨ ਰਾਤ ਦੇ ਘਿਰਾਓ ਵੀ ਜਾਰੀ ਹਨ। ਇਸ ਮੰਗ ਲਈ ਕੈਪਟਨ ਸਰਕਾਰ ‘ਤੇ ਦਬਾਅ ਵਧਾਉਣ ਲਈ ਕੱਲ੍ਹ ਕੈਬਨਿਟ ਮੰਤਰੀ ਸੁਰਿੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਵੀ ਕੀਤਾ ਗਿਆ ਸੀ। ਕੇਂਦਰ ਵੱਲੋਂ ਸਰਾਸਰ ਥੋਥੇ ਬਹਾਨੇ ਤਹਿਤ ਬਦਲਾਖੋਰ ਕਾਰਵਾਈ ਵਜੋਂ ਪੰਜਾਬ ਵਿੱਚ ਅਣਮਿਥੇ ਸਮੇਂ ਲਈ ਰੇਲ ਆਵਾਜਾਈ ਰੋਕਣ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਠੱਪ ਹੋਣ ਦੀ ਸਮੱਸਿਆ ਦੇ ਢੁੱਕਵੇਂ ਹੱਲ ਲਈ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਵੀ ਜਾਰੀ ਹੈ।10 ਭਾਜਪਾ ਆਗੂਆਂ ਦੇ ਘਰਾਂ ਸਮੇਤ ਕਾਰਪੋਰੇਟ ਘਰਾਣਿਆਂ ਦੇ ਟੌਲ ਪਲਾਜ਼ਿਆਂ, ਪੈਟ੍ਰੋਲ ਪੰਪਾਂ, ਸ਼ਾਪਿੰਗ ਮਾਲਜ਼, ਸਾਇਲੋ ਗੋਦਾਮਾਂ ਅਤੇ 2 ਨਿੱਜੀ ਥਰਮਲ ਪਲਾਂਟਾਂ ਨੂੰ ਘੋਲ਼ ਦਾ ਚੋਟ ਨਿਸ਼ਾਨਾ ਬਣਾਇਆ ਹੋਇਆ ਹੈ। ਜਥੇਬੰਦੀ ਦੇ ਪ੍ਰਧਾਨ ਜੋੋੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੋਸ਼ ਲਾਇਆ ਗਿਆ ਹੈ ਕਿ ਮੌਜੂਦਾ ਕਿਸਾਨ ਘੋਲ਼ ਨੂੰ ਪੂਰੇ ਦੇਸ਼ ਸਣੇ ਵਿਦੇਸ਼ਾਂ ਤੱਕ ਉਭਾਰਨ ਵਿੱਚ ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਹਮਾਇਤੀ ਲੋਕਾਂ ਵੱਲੋਂ ਮੋਹਰੀ ਰੋਲ ਨਿਭਾਉਣ ਬਦਲੇ ਹੀ ਸਾਮਰਾਜੀ ਕਾਰਪੋਰੇਟਾਂ ਦੀ ਚਹੇਤੀ ਮੋਦੀ ਹਕੂਮਤ ਨੇ ਪੰਜਾਬ ਦੀ ਆਰਥਿਕ ਨਾਕਾਬੰਦੀ ਕੀਤੀ ਹੈ ਅਤੇ ਪਰਾਲ਼ੀ ਵਾਲਾ ਨਵਾਂ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ। ਪੰਜਾਬ ਵਿੱਚ ਰੇਲਵੇ ਟ੍ਰੈਕਾਂ ‘ਤੇ ਧਰਨੇ ਲੱਗੇ ਹੋਣ ਦੇ ਨਿਰਾਧਾਰ ਬਹਾਨੇ ਨੂੰ ਰੱਦ ਕਰਦਿਆਂ ਬਿਆਨ ‘ਚ ਦੱਸਿਆ ਗਿਆ ਹੈ ਕਿ ਰਾਜਪੁਰਾ ਤੇ ਬਣਾਂਵਾਲੀ ਵਿਖੇ ਲਾਰਸਨ ਐਂਡ ਟੂਬਰੋ ਤੇ ਵੇਦਾਂਤਾ ਕੰਪਨੀ ਦੇ ਥਰਮਲਾਂ ‘ਚ ਦਾਖ਼ਲ ਹੁੰਦੀਆਂ ਅੰਦਰੂਨੀ ਨਿੱਜੀ ਲਾਈਨਾਂ ਤੇ ਹੀ ਧਰਨੇ ਦਿੱਤੇ ਹੋਏ ਹਨ ਅਤੇ ਇੱਥੇ ਉੱਤਰੀ ਰੇਲਵੇ ਦਾ ਕੋਈ ਟ੍ਰੈਕ ਨਹੀਂ ਰੋਕਿਆ ਹੋਇਆ। ਜਥੇਬੰਦੀ ਨੇ ਤਾਂ ਇਹ ਵੀ ਛੋਟ ਦੇ ਦਿੱਤੀ ਹੈ ਕਿ ਇਹਨਾਂ ਅਦਾਰਿਆਂ ਦੇ ਅੰਦਰ ਇੰਜਨ ਸਣੇ ਜਾਂ ਬਿਨਾਂ ਇੰਜਨ ਤੋਂ ਖੜ੍ਹੇ ਖਾਲੀ ਰੇਲ ਡੱਬੇ ਜਦੋਂ ਚਾਹੇ ਰੇਲ ਮਹਿਕਮਾ ਲਿਜਾ ਸਕਦਾ ਹੈ। ਧਰਨਿਆਂ ਦਾ ਨਿਸ਼ਾਨਾ ਇਹਨਾਂ ਦਿਓਕੱਦ ਕੰਪਨੀਆਂ ਦੇ ਥਰਮਲਾਂ ਨੂੰ ਸਰਕਾਰੀ ਹੱਥਾਂ ਵਿੱਚ ਲੈ ਕੇ ਉਥੇ ਕੰਮ ਕਰਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ‘ਤੇ ਪੱਕੇ ਕਰਾਉਣ ਤੋਂ ਇਲਾਵਾ ਇਹੀ ਕੋਲਾ ਸਰਕਾਰੀ ਥਰਮਲਾਂ ਨੂੰ ਭੇਜ ਕੇ ਪੂਰੇ ਲੋਡ੍ਹ ‘ਤੇ ਚਲਵਾਉਣਾ ਅਤੇ ਬਠਿੰਡਾ ਦੇ ਬੰਦ ਕੀਤੇ ਥਰਮਲ ਨੂੰ ਵੀ ਮੁੜ ਚਲਵਾਉਣਾ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਚਹੇਤੇ ਅਡਾਨੀ ਦੇ ਸਾਈਲੋ ਗੁਦਾਮ ਅਤੇ ਉਸ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਵੇਦਾਂਤਾ ਤੇ ਲਾਰਸਨ ਐਂਡ ਟੂਬਰੋ ਦੇ ਥਰਮਲ ਪਲਾਂਟਾਂ ਨੂੰ ਜਾਮ ਕਰਕੇ ਜਥੇਬੰਦੀ ਵੱਲੋਂ ਐਨ ਠੀਕ ਟਿਕਾਣੇ ‘ਤੇ ਚੋਟ ਮਾਰੀ ਗਈ ਹੈ। ਲਗਾਤਾਰ ਜਾਨਹੂਲਵੇਂ ਘੋਲ਼ ਰਾਹੀਂ ਫਿਰਕਾਪ੍ਰਸਤੀ, ਜ਼ਾਤਪਾਤ, ਅੰਨ੍ਹੇ ਕੌਮਵਾਦ ਤੇ ਦੇਸ਼ ਭਗਤੀ ਦੇ ਸਿਆਸੀ ਪੱਤੇ ਖੇਡਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਚੈਂਪੀਅਨ ਭਾਜਪਾ ਸਰਕਾਰ ਤੇ ਆਰ ਐਸ ਐਸ ਦੀਆਂ ਸਭ ਨਰਦਾਂ ਕੁੱਟਕੇ ਉਸਨੂੰ ਨੰਗੇ ਚਿੱਟੇ ਰੂਪ ‘ਚ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੇ ਹੱਥਠੋਕੇ ਵਜੋਂ ਨਸ਼ਰ ਕਰ ਦਿੱਤਾ ਗਿਆ ਹੈ ਜਿਹੜੀ ਕਿ ਇੱਕਜੁੱਟ ਕਿਸਾਨ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ। ਇਸੇ ਵਜ੍ਹਾ ਕਾਰਨ ਬੁਖਲਾਹਟ ‘ਚ ਆਈ ਮੋਦੀ ਸਰਕਾਰ ਮਾਲ ਗੱਡੀਆਂ ਤੇ ਦਿਹਾਤੀ ਵਿਕਾਸ ਫੰਡ ਰੋਕਣ ਰਾਹੀਂ ਪੰਜਾਬ ਦੀ ਨਾਕਾਬੰਦੀ ਕਰਨ ‘ਤੇ ਉੱਤਰ ਆਈ ਹੈ। ਇਸ ਕਮੀਨੀ ਸਿਆਸੀ ਚਾਲ ਨੂੰ ਵੀ ਮੌਜੂਦਾ ਇੱਕਜੁੱਟ ਸੰਘਰਸ਼ ਲਗਾਤਾਰ ਜਾਰੀ ਰੱਖ ਕੇ ਹੀ ਨਾਕਾਮ ਕੀਤਾ ਜਾਵੇਗਾ। ਭਾਰਤ ਦੀਆਂ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਸਮੇਂ ਜਥੇਬੰਦੀ ਵੱਲੋਂ ਆਪਣੇ ਅਜ਼ਾਦ ਐਕਸ਼ਨ ਰਾਹੀਂ 24 ਥਾਂਵਾਂ ‘ਤੇ 4 ਘੰਟੇ ਹਾਈਵੇ ਜਾਮ ਕਰਨ ਸਮੇਂ ਅਤੇ ਦੋਨੋਂ ਨਿੱਜੀ ਥਰਮਲਾਂ ਦੀਆਂ ਅੰਦਰੂਨੀ ਸਪਲਾਈ ਰੇਲ ਲਾਈਨਾਂ ‘ਤੇ ਧਰਨਿਆਂ ‘ਚ ਵਿਸ਼ਾਲ ਇਕੱਠ ਕਰਨ ਲਈ ਪੂਰਾ ਤਾਣ ਲਾਇਆ ਜਾ ਰਿਹਾ ਹੈ। ਸਥਾਪਤ ਧਰਨੇ ਇਸ ਦੌਰਾਨ ਸਭਨੀਂ ਥਾਂਈਂ ਜਾਰੀ ਰੱਖੇ ਜਾਣਗੇ।

Listen Live

Subscription Radio Punjab Today

Our Facebook

Social Counter

  • 17398 posts
  • 0 comments
  • 0 fans

Log In