ਬਠਿੰਡਾ, 25 ਅਗਸਤ – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਾਡਲ ਕੈਰੀਅਰ ਸੈਂਟਰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਠਿੰਡਾ ਵਲੋਂ ਸਤੰਬਰ ਮਹੀਨੇ ਵਿਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਬੇਰੁਜ਼ਗਾਰਾਂ ਲਈ ਸ਼ੁਰੂ ਕੀਤੇ ਜਾ ਰਹੇ ਇਨਾਂ ਰੋਜ਼ਗਾਰ ਮੇਲਿਆ ਦੀ ਲੜੀ ਤਹਿਤ 24 ਸਤੰਬਰ ਤੋਂ 30 ਸਤੰਬਰ 2020 ਤੱਕ ਇੱਥੇ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਸੀ.ਈ.ਓ. ਸ੍ਰੀ ਪਰਮਵੀਰ ਸਿੰਘ ਨੇ ਦਿੱਤੀ। ਇਸ ਮੌਕੇ ਉਨਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਨਾਂ ਰੋਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ ਵੀ ਅਪੀਲ ਕੀਤੀ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਰਾਮੇਸ਼ ਚੰਦਰ ਖੁੱਲਰ ਨੇ ਦੱਸਿਆ ਕਿ ਨੌਕਰੀ ਦੇ ਚਾਹਵਾਨ ਉਮੀਦਵਾਰ www.pgrkam.com ‘ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਇਸ 7 ਰੋਜ਼ਾ ਰੋਜ਼ਗਾਰ ਮੇਲੇ ਸਬੰਧੀ ਪ੍ਰਾਰਥੀ 0164-2211171 ਤੇ 77196-81908 ‘ਤੇ ਫੋਨ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਦੀ ਆਨਲਾਇਨ ਕਾਊਂਸਲਿੰਗ ਵੀ ਕੀਤੀ ਜਾਵੇਗੀ ।