ਸ੍ਰੀ ਮੁਕਤਸਰ ਸਾਹਿਬ, 27 ਜੁਲਾਈ ( ਪਰਗਟ ਸਿੰਘ ) – ਜ਼ਿਲ੍ਹੇ ਅੰਦਰ ਪੈਂਦੇ ਪਿੰਡ ਰਹੂੜਿਆਂਵਾਲੀ ਵਿਖੇ ਬਣਾਏ ਗਏ ਕਣਕ ਅਤੇ ਚੌਲਾਂ ਦੇ ਸੋਮਾ ਗੋਦਾਮ ਤੋਂ ਪੈਦਾ ਹੋਣ ਵਾਲੀ ਸੁਸਰੀ ਪੂਰੇ ਪਿੰਡ ਵਿੱਚ ਪਹੁੰਚਦੀ ਹੈ ਤੇ ਇੱਥੋਂ ਦੇ ਵਾਸੀਆਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ ।
ਇਸ ਸਬੰਧੀ ਪੂਰੀ ਜਾਣਕਾਰੀ ਦਿੰਦਿਆਂ ਲੋਕ ਭਲਾਈ ਸੇਵਾ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਜੱਸਲ ਸਿੰਘ ਰਹੂੜਿਆਂਵਾਲੀ ਨੇ ਦੱਸਿਆ ਕਿ ਇਹ ਸੋਮਾ ਕੰਪਨੀ ਦੇ ਸਟੋਰ ਪਿਛਲੇ 8 ਸਾਲਾਂ ਦੇ ਕਰੀਬ ਇੱਥੇ ਬਣੇ ਹੋਏ ਹਨ । ਉਸ ਸਮੇਂ ਤੋਂ ਹੀ ਸੁਸਰੀ ਸਟੋਰਾਂ ਵਿੱਚੋਂ ਨਿਕਲ ਕੇ ਪੂਰੇ ਪਿੰਡ ਦੇ ਘਰਾਂ ਵਿੱਚ ਫੈਲ ਰਹੀ ਹੈ ।ਘਰਾਂ ਵਿੱਚ ਅਜਿਹੀ ਕੋਈ ਜਗਾਹ ਨਹੀਂ ਰਹਿੰਦੀ ਜਿੱਥੇ ਸੁਸਰੀ ਦਾ ਵਾਸਾ ਨਾ ਹੋਵੇ । ਹਰ ਖਾਣ ਪੀਣ ਵਾਲੀ ਚੀਜ਼ ’ਚ ਸੁਸਰੀ ਸ਼ਾਮਿਲ ਹੋ ਜਾਂਦੀ ਹੈ । ਇੱਥੋਂ ਤੱਕ ਕਿ ਰਾਤ ਨੂੰ ਸੌਣ ਵਿੱਚ ਵੀ ਬਹੁਤ ਤਕਲੀਫ਼ ਆਉਂਦੀ ਹੈ । ਸੁਸਰੀ ਬੈੱਡ, ਮੰਜਿਆਂ ਤੇ ਚੜ੍ਹ ਜਾਂਦੀ ਹੈ ਜਿਸ ਕਾਰਨ ਅੱਖਾਂ ਅਤੇ ਕੰਨਾਂ ਵਿੱਚ ਪੈ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੁਆਰਾ ਹਰੇਕ ਸਾਲ ਸੁਸਰੀ ਤੋਂ ਤੰਗ ਆਕੇ ਧਰਨਾ ਲਗਾਇਆਂ ਜਾਂਦਾ ਹੈ ਪ੍ਰੰਤੂ ਹਰ ਵਾਰ ਕੰਪਨੀ ਦੇ ਅਧਿਕਾਰੀ ਲਾਰਾ ਲਾ ਕੇ ਚੁੱਪ ਹੋ ਜਾਂਦੇ ਹਨ । ਬੇਸ਼ੱਕ ਸੋਮਾ ਗੋਦਾਮ ਦੇ ਅਧਿਕਾਰੀਆਂ ਵੱਲੋਂ ਪੂਰੇ ਪਿੰਡ ਵਿੱਚ ਸੁਸਰੀ ਦੇ ਖਾਤਮੇ ਲਈ ਸਪਰੇਅ ਦਾ ਛਿੜਕਾਅ ਕਰਵਾਇਆ ਜਾਂਦਾ ਹੈ ਪ੍ਰੰਤੂ ਉਸ ਨਾਲ ਸੁਸਰੀ ਤੇ ਕੋਈ ਅਸਰ ਨਹੀਂ ਪੈਂਦਾ ।
ਜੱਸਲ ਸਿੰਘ ਰਹੂੜਿਆਂਵਾਲੀ ਨੇ ਪਿੰਡ ਵਾਸੀਆਂ ਦੇ ਨਾਲ ਪ੍ਰਸ਼ਾਸਨ ਦੁਆਰਾ ਮੰਗ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਤਾਂ ਜੋ ਪੂਰਾ ਪਿੰਡ ਸੁਸਰੀ ਤੋਂ ਛੁਟਕਾਰਾ ਪਾ ਸਕੇ ।