ਤਰਨਤਾਰਨ, 14 ਫਰਵਰੀ – 14 ਫਰਵਰੀ 2019 ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਪਿੰਡ ਗੰਡੀਵਿੰਡ ਧੱਤਲ ਦੇ ਸ਼ਹੀਦ ਸੁਖਜਿੰਦਰ ਸਿੰਘ ਦੀ ਸਲਾਨਾ ਬਰਸੀ ਅੱਜ ਪਿੰਡ ਦੇ ਗੁਰਦੁਆਰੇ ਵਿਚ ਮਨਾਈ ਗਈ।ਇਸ ਮੌਕੇ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੀ ਪਰਿਵਾਰਕ ਸਹਾਇਤਾ ਲਈ ਐਲਾਨੀ ਗਈ 12 ਲੱਖ ਰਾਸ਼ੀ ਵਿਚੋਂ 5 ਲੱਖ ਦਾ ਚੈੱਕ ਪਰਵਾਰ ਨੂੰ ਦਿੱਤਾ ਗਿਆ ਅਤੇ 2 ਲੱਖ ਰੁਪਏ ਮਾਤਾ-ਪਿਤਾ ਦੇ ਖਾਤੇ ਵਿਚ ਆਨਲਾਈਨ ਟਰਾਂਸਫਰ ਕਰ ਦਿੱਤੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਨੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕਰਦਿਆਂ ਅਪਣੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ।
ਦਸ ਦਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਪਿਛਲੇ ਸਾਲ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ’ ਤੇ ਹੋਏ ਅੱਤਵਾਦੀ ਹਮਲੇ ਨੂੰ ਅੱਜ ਇਕ ਸਾਲ ਪੂਰਾ ਹੋਇਆ ਹੈ। ਅੱਤਵਾਦੀਆਂ ਦੇ ਇਸ ਭਿਆਨਕ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ।