Menu

ਐਫ.ਡੀ.ਏ. ਨੇ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦਾ ਗੈਰ-ਕਾਨੂੰਨੀ ਭੰਡਾਰਨ ਕਰਨ ਵਾਲੀਆਂ 16 ਦਵਾਈਆਂ ਦੀਆਂ ਦੁਕਾਨਾਂ ਕੀਤੀਆਂ ਸੀਲ

ਚੰਡੀਗੜ੍ਹ – ਨਸ਼ੀਲੀਆਂ ਦਵਾਈਆਂ ਦੇ ਵਪਾਰੀਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ, ਪੰਜਾਬ ਦੇ ਡਰੱਗ ਐਡਮਿਨਿਸਟ੍ਰੇਸਨ ਵਿੰਗ ਨੇ ਸੂਬੇ ਭਰ ਵਿੱਚ ਲਗਭਗ ਇਕ ਮਹੀਨੇ ਵਿੱਚ ਨਸ਼ੇ ਦੀ ਆਦਤ ਪਾਉਣ ਵਾਲੀਆਂ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਵੇਚਣ ਵਾਲੀਆਂ 16 ਦੁਕਾਨਾਂ ਬੰਦ ਕਰ ਦਿੱਤੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਸ੍ਰੀ ਕੇ.ਐਸ.ਪੰਨੂੰ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਜੀਰੋ ਟੌਲਰੈਂਸ ਪਾਲਿਸੀ ਦੇ ਮੱਦੇਨਜ਼ਰ, ਕਮਿਸ਼ਨਰੇਟ ਨੇ ਥੋਕ ਦੇ ਨਾਲ ਨਾਲ ਪ੍ਰਚੂਨ-ਵਿਕਰੀ ਲਾਇਸੰਸ ਧਾਰਕਾਂ ਵਲੋਂ ਟ੍ਰਾਮਾਡੋਲ ਅਤੇ ਟੇਪੈਂਟਾਡੋਲ ਨਾਮਕ ਨਸ਼ਾ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਭੰਡਾਰਨ, ਵਿਕਰੀ ਅਤੇ ਵੰਡ ‘ਤੇ ਵਿਸ਼ੇਸ਼ ਪਾਬੰਦੀਆਂ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਹਨਾਂ ਦਵਾਈਆਂ ‘ਤੇ 6 ਦਵਾਈਆਂ ਡੇਕਸਟਰੋਪ੍ਰੋਪੋਕਸੀਫੀਨ, ਡਾਈਫਿਨੋਕਸੀਲੇਟ, ਕੋਡੀਨ, ਪੇਂਟਾਜੋਸਾਈਨ, ਬੁਪ੍ਰੀਨੋਰਫਾਈਨ ਅਤੇ ਨਾਈਟਰਾਜੀਪੇਮ ਉੱਤੇ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਇਲਾਵਾ ਰੋਕ ਲਗਾਈ ਗਈ ਹੈ। ਪਾਬੰਦੀ ਲਗਾਏ ਜਾਣ ਦੇ ਬਾਵਜੂਦ, ਡਰੱਗ ਕੰਟਰੋਲ ਅਫਸਰਾਂ ਅਤੇ ਜੋਨਲ ਲਾਇਸੈਂਸਿੰਗ ਅਥਾਰਟੀਆਂ ਦੁਆਰਾ ਨਿਯਮਤ ਜਾਂਚ ਕਰਨ ‘ਤੇ ਵੱਖ ਵੱਖ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦਾ ਗੈਰ-ਕਾਨੂੰਨੀ ਭੰਡਾਰਨ ਪਾਇਆ ਗਿਆ।

ਸ੍ਰੀ ਪੰਨੂੰ ਨੇ ਕਿਹਾ, “ਅਸੀਂ ਕੈਮਿਸਟਾਂ ਨੂੰ ਨਸ਼ਿਆਂ ਦੀ ਆਦਤ ਬਣਾਉਣ ਵਾਲੀਆਂ ਦਵਾਈਆਂ ਦੇ ਭੰਡਾਰਨ, ਵਿਕਰੀ ਅਤੇ ਵੰਡ ਨਾ ਕਰਨ ਲਈ ਪ੍ਰੇਰਿਤ ਅਤੇ ਜਾਗਰੂਕ ਕਰਨ ਵਿੱਚ ਬਹੁਤ ਸਮਾਂ ਬਤੀਤ ਕੀਤਾ ਹੈ। ਇਸ ਸਬੰਧ ਵਿਚ ਕਿਸੇ ਵੀ ਉਲੰਘਣਾ ਨੂੰ ਹੁਣ ਸਖਤੀ ਨਾਲ ਨਜਿੱਠਣ ਦੀ ਲੋੜ ਹੈ।” ਇਸ ਲਈ, ਹੁਣ ਸਾਡੀਆਂ ਟੀਮਾਂ ਕਾਰਨ ਦੱਸੋ ਨੋਟਿਸ ਜਾਰੀ ਕਰ ਰਹੀਆਂ ਹਨ, ਦੁਕਾਨਾਂ ਨੂੰ ਸੀਲ ਕਰ ਰਹੀਆਂ ਹਨ ਅਤੇ ਅਪਰਾਧੀਆਂ ਖਿਲਾਫ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਜੇ ਕੈਮਿਸਟ ਅਜਿਹੀਆਂ ਦਵਾਈਆਂ ਦੇ ਸਰੋਤ ਦਾ ਖੁਲਾਸਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਸਬੰਧਤ ਅਧਿਕਾਰੀ ਉਨ੍ਹਾਂ ਵਿਰੁੱਧ ਡਰੱਗ ਐਂਡ ਕਾਸਮੈਟਿਕਸ ਐਕਟ 1940 ਦੀ ਧਾਰਾ 18 ਬੀ ਤੇ ਧਾਰਾ 28 ਏ ਤਹਿਤ ਨਿਆਂਇਕ ਅਦਾਲਤ ਅੱਗੇ ਸ਼ਿਕਾਇਤ ਦਰਜ ਕਰਨਗੇ। ਸ੍ਰੀ ਪੰਨੂੰ ਨੇ ਜੋਰ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਨਸ਼ਿਆਂ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਗੈਰ-ਕਾਨੂੰਨੀ ਭੰਡਾਰਨ ਲਈ ਸੀਲ ਕੀਤੀਆਂ ਗਈਆਂ ਕੈਮਿਸਟ ਦੁਕਾਨਾਂ ਵਿਚ ਮੁਕਤਸਰ, ਭੁੱਚੋ, ਤਰਨਤਾਰਨ, ਮੋਗਾ, ਸੰਗਰੂਰ ਅਤੇ ਗੁਰਦਾਸਪੁਰ ਦੀ ਇਕ-ਇਕ ਦੁਕਾਨ ਸ਼ਾਮਲ ਹੈ, ਜਦਕਿ ਬਠਿੰਡਾ, ਫਿਰੋਜਪੁਰ, ਜਲੰਧਰ, ਮੁਹਾਲੀ ਅਤੇ ਪਟਿਆਲਾ ਦੀਆਂ ਦੋ-ਦੋ ਦੁਕਾਨਾਂ ਸ਼ਾਮਲ ਹਨ।

Listen Live

Subscription Radio Punjab Today

Our Facebook

Social Counter

  • 16192 posts
  • 0 comments
  • 0 fans

Log In