ਨਵੀਂ ਦਿੱਲੀ – ਕਰਤਾਰਪੁਰ ਲਾਂਘੇ ਨੂੰ ਲੈ ਕੇ 2 ਅਪ੍ਰੈਲ ਨੂੰ ਭਾਰਤ ਅਤੇ ਪਾਕਿ ਵਿਚਾਲੇ ਹੋਣ ਵਾਲੀ ਬੈਠਕ ਹੁਣ ਟਲ ਗਈ ਹੈ। ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿਸਤਾਨ ਵਲੋਂ ਗਠਿਤ 10 ਮੈਂਬਰੀ ਕਮੇਟੀ ‘ਚ ਅੱਧੇ ਮੈਂਬਰ ਖ਼ਾਲਿਸਤਾਨ ਸਮਰਥਕ ਅਤੇ ਭਾਰਤ ਵਿਰੁੱਧ ਬੋਲਣ ਵਾਲਿਆਂ ਨਾਲ ਭਰ ਲੈਣ ਦੀਆਂ ਰਿਪੋਰਟਾਂ ਤੋਂ ਬਾਅਦ ਅਗਲੀ ਬੈਠਕ ਨੂੰ ਟਾਲ ਦਿੱਤਾ ਹੈ। ਅਧਿਕਾਰਕ ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂੰ ਕਰਾਇਆ ਅਤੇ ਕਿਹਾ ਕਿ ਅਗਲੀ ਬੈਠਕ ਦੋ ਅਪ੍ਰੈਲ ਦੀ ਬਜਾਏ ਪਾਕਿਸਤਾਨ ਦਾ ਜਵਾਬ ਮਿਲਣ ਤੋਂ ਬਾਅਦ ਆਪਸ ‘ਚ ਤੈਅ ਤਰੀਕ ‘ਤੇ ਹੋਵੇਗੀ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਤਕਨੀਕੀ ਵਿਸ਼ਿਆਂ ‘ਤੇ ਅਗਲੀ ਬੈਠਕ ਅਪ੍ਰੈਲ ਦੇ ਮੱਧ ‘ਚ ਬੁਲਾਉਣ ਦੀ ਗੱਲ ਕਹੀ ਹੈ। ਸੂਤਰਾਂ ਮੁਤਾਬਕ ਤਿੰਨ ਦਿਨ ਪਹਿਲਾਂ ਕਰਤਾਰਪੁਰ ਸਾਹਿਬ ‘ਤੇ ਇੱਕ 10 ਮੈਂਬਰੀ ਕਮੇਟੀ ਪਾਕਿਸਤਾਨ ਕੈਬਨਿਟ ਵਲੋਂ ਗਠਿਤ ਕੀਤੀ ਗਈ ਸੀ। ਇਸ ਕਮੇਟੀ ‘ਚ ਕੁਝ ਵਿਵਾਦਿਤ ਨਾਂ ਹਨ, ਜਿਨ੍ਹਾਂ ‘ਚ ਗੋਪਾਲ ਚਾਵਲਾ ਵੀ ਸ਼ਾਮਲ ਹੈ। ਚਾਵਲਾ ਲਸ਼ਕਰ-ਏ-ਤੋਇਬਾ ਅਤੇ ਬਿਸ਼ੇਨ ਸਿੰਘ ਨਾਲ ਜੁੜਿਆ ਹੋਇਆ ਹੈ। ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਭਾਰਤ ਇਸ ਲਾਂਘੇ ਨੂੰ ਖੋਲ੍ਹਣ ਦੀ ਆਪਣੀ ਵਚਨਬੱਧਤਾ ‘ਤੇ ਕਾਇਮ ਹੈ ਪਰ ਕੌਮੀ ਸੁਰੱਖਿਆ ਅਤੇ ਦੇਸ਼ ਦੀ ਅਖੰਡਤਾ ਨਾਲ ਜੁੜੀਆਂ ਚਿੰਤਾਵਾਂ ਸਭ ਤੋਂ ਉੱਪਰ ਹਨ।