ਮਾਸਕੋ – ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕਰਚ ਸਟਰੇਟ ‘ਚ ਸਮੁੰਦਰ ਅੰਦਰ ਦੋ ਜਹਾਜ਼ਾਂ ‘ਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ ‘ਚ ਭਾਰਤ, ਤੁਰਕੀ ਅਤੇ ਲਿਬੀਆ ਦੇ ਕਰੂ ਮੈਂਬਰ ਸਨ। ਇਨ੍ਹਾਂ ‘ਚੋਂ 15 ਭਾਰਤੀ ਸਨ। ਹਾਲਾਂਕਿ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ‘ਚ ਕਿੰਨੇ ਭਾਰਤੀ ਹਨ, ਇਸ ਸੰਬੰਧੀ ਅੰਕੜਾ ਅਜੇ ਸਾਹਮਣੇ ਨਹੀਂ ਆਇਆ ਹੈ। ਜਹਾਜ਼ਾਂ ‘ਚ ਅੱਗ ਲੱਗਣ ਦੀ ਇਹ ਘਟਨਾ ਲੰਘੇ ਦਿਨ ਰੂਸ ਦੀ ਸਮੁੰਦਰੀ ਸਰਹੱਦ ‘ਚ ਵਾਪਰੀ। ਇਨ੍ਹਾਂ ਦੋਹਾਂ ਜਹਾਜ਼ਾਂ ‘ਤੇ ਤਨਜਾਨੀਆ ਦੇਸ਼ ਦੇ ਝੰਡੇ ਲੱਗੇ ਹੋਏ ਸਨ। ਇਨ੍ਹਾਂ ‘ਚੋਂ ਇੱਕ ਜਹਾਜ਼ ਲਿਕਯੁਫਾਈਡ ਨੈਚੂਰਲ ਗੈਸ (ਐੱਲ. ਐੱਨ. ਜੀ.) ਨਾਲ ਭਰਿਆ ਸੀ ਅਤੇ ਦੂਜਾ ਟੈਂਕਰ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਇੱਕ ਜਹਾਜ਼ ਤੋਂ ਦੂਜੇ ਜਹਾਜ਼ ‘ਚ ਤੇਲ ਦਿੱਤਾ ਜਾ ਰਿਹਾ ਸੀ। ਇਸੇ ਦੌਰਾਨ ਦੋਹਾਂ ਜਹਾਜ਼ਾਂ ‘ਚ ਅੱਗ ਲੱਗ ਗਈ।