ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਲੋਕ ਆਪਣੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੂੰ ਲੱਭਦੇ ਹੋਏ ਦਿੱਲੀ ਪਹੁੰਚ ਗਏ ਹਨ। ਸੰਸਦ ਦੇ ਬਾਹਰ ਫ਼ਤਿਹਗੜ੍ਹ ਸਾਹਿਬ ਦੇ ਲੋਕ ਹੱਥਾਂ ਵਿਚ ਤਖ਼ਤੀਆਂ ਲੈ ਕੇ ਆਪਣੇ ਸੰਸਦ ਮੈਂਬਰ ਨੂੰ ਲੱਭਦੇ ਨਜ਼ਰ ਆਏ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸੰਸਦ ਮੈਂਬਰ ਚੋਣਾਂ ਤੋਂ ਬਾਅਦ ਕਦੇ ਵੀ ਆਪਣੇ ਲੋਕ ਸਭਾ ਹਲਕੇ ਵਿਚ ਨਜ਼ਰ ਨਹੀਂ ਆਏ। ਅਸੀਂ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਲੱਭ ਰਹੇ ਹਾਂ। ਸ਼ਾਇਦ ਦਿੱਲੀ ਵਿਚ ਉਹ ਮਿਲ ਜਾਣ। ਪਰ ਅਜੇ ਤੱਕ ਉਹ ਇਥੇ ਵੀ ਨਹੀਂ ਲੱਭੇ ਹਨ।
ਉਨ੍ਹਾਂ ਕਿਹਾ ਕਿ ਹੁਣ ਪਾਰਲੀਮੈਂਟ ਦਾ ਆਖਰੀ ਸੈਸ਼ਨ ਹੈ। ਸਾਨੂੰ ਉਮੀਦ ਸੀ ਕਿ ਉਹ ਇਥੋਂ ਹੀ ਮਿਲ ਜਾਣ। ਜੋ ਵੀ ਉਨ੍ਹਾਂ ਦੇ ਐਮਪੀ ਨੂੰ ਲੱਭ ਕੇ ਲਿਆਵੇਗਾ, ਉਸ ਨੂੰ ਇਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਮਪੀ ਖ਼ਾਲਸਾ ਚੋਣਾਂ ਵੇਲੇ ਚਿੱਟੇ ਹਾਥੀ ਉਤੇ ਸਵਾਰ ਹੋ ਕੇ ਆਏ ਸਨ, ਤੇ ਉਸ ਤੋਂ ਬਾਅਦ ਆਪ ਹੀ ਚਿੱਟਾ ਹਾਥੀ ਬਣ ਗਏ। ਲੋਕਾਂ ਵਿਚ ਕਾਫੀ ਨਾਰਾਜ਼ਗੀ ਵੀ ਸੀ। ਉਨ੍ਹਾਂ ਕਿਹਾ ਕਿ ਐਮਪੀ ਨਾ ਕਦੇ ਉਨ੍ਹਾਂ ਦੇ ਹਲਕੇ ਵਿਚ ਆਏ ਤੇ ਨਾ ਕਦੇ ਕੋਈ ਸਮੱਸਿਆ ਸੁਣੀ। ਹੁਣ ਉਹ ਅੱਕ ਕੇ ਆਪ ਹੀ ਉਨ੍ਹਾਂ ਨੂੰ ਲੱਭਣ ਤੁਰੇ ਹਨ। ਜੋ ਵੀ ਉਨ੍ਹਾਂ ਦੇ ਐਪੀ ਨੂੰ ਲੱਭ ਕੇ ਲਿਆਵੇਗਾ, ਉਸ ਨੂੰ ਇਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।