2 ਮਾਰਚ 2024: ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਚਾਚੇ ਨੇ 7 ਸਾਲਾ ਭਤੀਜੀ ਦਾ ਕਤਲ ਕਰ ਦਿਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਖੇਤਾਂ ਵਿਚ ਦਫ਼ਨਾ ਦਿਤਾ। ਗ੍ਰਿਫਤਾਰੀ ਤੋਂ ਬਚਣ ਲਈ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਲੜਕੀ ਦੀ ਭਾਲ ਕਰਦਾ ਰਿਹਾ ਪਰ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਸੱਚਾਈ ਦਾ ਖੁਲਾਸਾ ਕੀਤਾ।
ਸ਼ੁੱਕਰਵਾਰ ਦੇਰ ਰਾਤ ਲੜਕੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਪਰਿਵਾਰਕ ਮੈਂਬਰਾਂ ਨੇ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਉਹ ਦੂਜੀ ਜਮਾਤ ਵਿਚ ਪੜ੍ਹਦੀ ਸੀ। ਜਾਣਕਾਰੀ ਅਨੁਸਾਰ ਥਾਣਾ ਝਿਰਕਾ ਅਧੀਨ ਪੈਂਦੇ ਪਿੰਡ ਦੀ ਰਹਿਣ ਵਾਲੀ ਲੜਕੀ ਦੇ ਮਾਪੇ ਤਿੰਨ ਦਿਨ ਪਹਿਲਾਂ ਖੇਤਾਂ ਵਿੱਚ ਕੰਮ ਕਰਨ ਗਏ ਸਨ। ਜਦੋਂ ਸ਼ਾਮ ਨੂੰ ਮਾਤਾ-ਪਿਤਾ ਘਰ ਪਰਤੇ ਤਾਂ ਲੜਕੀ ਗਾਇਬ ਪਾਈ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ।ਉਸ ਦਾ 27 ਸਾਲਾ ਚਾਚਾ ਅੱਬਾਸ ਵੀ ਲੜਕੀ ਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਬੱਚੀ ਨਾਲ ਖੇਡ ਰਹੇ ਬੱਚਿਆਂ ਨੇ ਪੁਲਿਸ ਨੂੰ ਦੱਸਿਆ ਕਿ ਲੜਕੀ ਨੂੰ ਆਖਰੀ ਵਾਰ ਉਸ ਦੇ ਚਾਚੇ ਨਾਲ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਅੱਬਾਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਪੁਲਿਸ ਅਨੁਸਾਰ ਅੱਬਾਸ ਨੇ ਕਤਲ ਕਰਕੇ ਲਾਸ਼ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਖੇਤਾਂ ਵਿਚ ਦੱਬ ਦਿਤੀ ਸੀ ਤਾਂ ਜੋ ਕਿਸੇ ਨੂੰ ਲਾਸ਼ ਨਾ ਮਿਲੇ। ਦੋਸ਼ੀ ਦੇ ਇਸ਼ਾਰੇ ‘ਤੇ ਖੇਤ ‘ਚ ਦੱਬੀ ਬੱਚੀ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਮੰਡੀਖੇੜਾ ਭੇਜ ਦਿੱਤਾ ਗਿਆ।ਡੀਐਸਪੀ ਕਪਤਾਨ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਤੋਂ ਸਾਰੀ ਘਟਨਾ ਬਾਰੇ ਪਤਾ ਲਗਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਬੱਚੀ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ। ਫਿਲਹਾਲ ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ‘ਚ ਜੁਟੀ ਹੋਈ ਹੈ।