– ਭਗਵੰਤ ਮਾਨ ਦੇ ਮੁੱਖ ਮੰਤਰੀ ਚਿਹਰਾ ਬਨਣ ਤੋਂ ਬਾਅਦ ਪ੍ਰਚਾਰ ਤੇਜ਼ ਹੋਇਆ
ਬਠਿੰਡਾ, 19 ਜਨਵਰੀ (ਬਲਵਿੰਦਰ ਸ਼ਰਮਾ) – ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਸ ਸਮੇਂ ਇਕ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਵੱਡੀ ਗਿਣਤੀ ਕਾਂਗਰਸੀ ਆਗੂ ਸੈਂਕੜੇ ਵਰਕਰਾਂ ਸਮੇਤ ਉਨ੍ਹਾਂ ਦੀ ਹਮਾਇਤ ‘ਚ ਆ ਡਟੇ ਹਨ । ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਸ. ਗਿੱਲ ਦੀ ਮੁਹਿੰਮ ਹੋਰ ਤੇਜ਼ ਹੋ ਗਈ ਹੈ।
ਅੱਜ ਇਥੇ ਸ. ਗਿੱਲ ਜਦੋਂ ਇਕ ਜਗ੍ਹਾ ਮੀਟਿੰਗ ਕਰ ਰਹੇ ਸਨ ਤਾਂ ਕੁਝ ਕਾਂਗਰਸੀਆਂ ਨੇ ਪਾਰਟੀ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ, ਜਿਸ ‘ਤੇ ਸ. ਗਿੱਲ ਨੇ ਬੜੀ ਸੁਹਿਰਦਤਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਆਪ ਮੁਹਾਰੇ ਸਿਆਸੀ ਲੀਡਰਾਂ, ਵਰਕਰਾਂ ਤੇ ਆਮ ਲੋਕਾਂ ਦਾ ਪਾਰਟੀ ਵਿਚ ਸ਼ਾਮਲ ਹੋਣਾ ਸਪੱਸ਼ਟ ਕਰਦਾ ਹੈ ਕਿ ਪੰਜਾਬ ਵਿਚ ਆਪ ਦੇ ਨਾਂ ਦੀ ਹਨੇਰੀ ਝੁੱਲ ਚੁੱਕੀ ਹੈ । ਲੋਕਾਂ ਦੀ ਇਸ ਮੁਹਿੰਮ ਨੂੰ ਸਰਕਾਰ ਬਣਾਉਣ ਤੋਂ ਹੁਣ ਕੋਈ ਵੀ ਸਿਆਸੀ ਧਿਰ ਰੋਕ ਨਹੀਂ ਸਕੇਗੀ । ਸ. ਗਿੱਲ ਨੇ ਕਿਹਾ ਕਿ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਦੂਸਰੇ ਦਿਨ ਤੱਕ ਹੀ ਨਾ ਸਿਰਫ ਪਾਰਟੀ ਉਮੀਦਵਾਰਾਂ ‘ਚ ਉਤਸ਼ਾਹ ਹੈ, ਬਲਕਿ ਪਾਰਟੀ ਵਰਕਰ ਅਤੇ ਹੋਰ ਲੋਕਾਂ ਨੇ ਵੀ ਆਪ ਦੀ ਚੋਣ ਪ੍ਰਚਾਰ ਨੂੰ ਪਹਿਲਾਂ ਨਾਲੋਂ ਵੀ ਦੁੱਗਣੇ ਉਤਸ਼ਾਹ ਨਾਲ ਅੱਗੇ ਤੋਰ ਲਿਆ ਹੈ ।
ਅੱਜ ਇਥੇ ਸ਼ਾਮਲ ਹੋਏ ਕਾਂਗਰਸੀ ਆਗੂਆਂ ਵਿਚ ਸੁਖਵਿੰਦਰ ਸਿੰਘ ਸਾਬਕਾ ਮੀਤ ਪ੍ਰਧਾਨ ਡੀ.ਸੀ.ਸੀ., ਐਡਵੋਕੇਟ ਯਾਦਵਿੰਦਰ ਸਿੰਘ ਬਰਾੜ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਰਾਜਵੀਰ ਸਿੰਘ, ਕੇਵਲ ਸਿੰਘ ਆਦਿ ਦੇ ਨਾਂ ਸ਼ਾਮਲ ਹਨ । ਇਸ ਤੋਂ ਇਲਾਵਾ ਇਨ੍ਹਾਂ ਨਾਲ ਕੁਝ ਮੋਹਤਵਰ ਸਾਬਕਾ ਫੋਰਮ ਮੈਂਬਰ ਵੀ ਸਨ ।
ਆਪ ‘ਚ ਸ਼ਾਮਲ ਹੋਏ ਪ੍ਰਮੁੱਖ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਨਾ ਸਿਰਫ ਆਪ ਦੀਆਂ ਵਿਚਾਰਧਾਰਾਾਵਾਂ ਤੋਂ ਪ੍ਰਭਾਵਿਤ ਹਨ, ਬਲਕਿ ਸ. ਗਿੱਲ ਦੀਆਂ ਨੀਤੀਆਂ ਨਾਲ ਹੀ ਹਮੇਸ਼ਾਂ ਸਹਿਮਤ ਰਹੇ ਹਨ, ਜਿਨ੍ਹਾਂ ਦੀ ਪੋਸ਼ਾਕ ਕਈ ਦਹਾਕਿਆਂ ਦੇ ਸਿਆਸੀ ਕੈਰੀਅਰ ਤੋਂ ਬਾਅਦ ਵੀ ਬੇਦਾਗ ਹੈ ।