Menu

ਰਜ਼ੀਆ ਸੁਲਤਾਨਾ ਵੱਲੋਂ ਜਲ ਸਪਲਾਈ ਦੇ ਸਾਰੇ ਪ੍ਰੋਜੈਕਟ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼

ਚੰਡੀਗੜ, 22 ਜਨਵਰੀ (ਹਰਜੀਤ ਮਠਾੜੂ) – ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਿੰਡਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਅਧਿਕਾਰੀਆਂ ਨੂੰ ਪਾਣੀ ਦੀ ਕੁਆਲਿਟੀ ਦਾ ਪੱਧਰ ਉੱਚਾ ਚੁੱਕਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਪੀਣ ਵਾਲਾ ਸਾਫ ਪਾਣੀ ਮਨੁੱਖੀ ਜ਼ਿੰਦਗੀ ਦਾ ਆਧਾਰ ਹੈ ਅਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਮਸਲਾ ਹੈ, ਇਸ ਲਈ ਜਿੱਥੇ ਪਾਣੀ ਦੀ ਕੁਆਲਿਟੀ ਦਾ ਪੱਧਰ ਉੱਚਾ ਹੋਵੇ ਉੱਥੇ ਹੀ ਜਲ ਸਪਲਾਈ ਕਰਨ ਵਾਲੀਆਂ ਥਾਂਵਾਂ ‘ਤੇ ਵੀ ਸਾਫ-ਸਫਾਈ ਨੂੰ ਤਵੱਜੋਂ ਦਿੱਤੀ ਜਾਵੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਭਰ ਵਿਚ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਹਨ ਉਨਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਕੇਂਦਰ ਸਰਕਾਰ, ਨਿਰਮਾਤਾ ਕੰਪਨੀਆਂ ਅਤੇ ਫੰਡ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਖਾਸ ਤੌਰ ‘ਤੇ ਵਿਸ਼ਵ ਬੈਂਕ ਅਤੇ ਨਾਬਾਰਡ ਨਾਲ ਪੂਰਾ ਤਾਲਮੇਲ ਰੱਖਿਆ ਜਾਵੇ।
ਕਾਬਿਲੇਗੌਰ ਹੈ ਕਿ ਸਾਲ 2021 ਦੀ ਇਹ ਪਹਿਲੀ ਸਮੀਖਿਆ ਮੀਟਿੰਗ ਸੀ ਅਤੇ ਜਲ ਸਪਲਾਈ ਮੰਤਰੀ ਨੇ ਕਿਹਾ ਕਿ ਉਹ ਹੁਣ ਹਰ ਮਹੀਨੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਿਆ ਕਰਨਗੇ ਤਾਂ ਜੋ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਜਾਣਿਆਂ ਜਾ ਸਕੇ। ਇਸ ਮੌਕੇ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਫਿਰੋਜ਼ਪੁਰ, ਫਾਜ਼ਿਲਕਾ ਅਤੇ ਅਬੋਹਰ ਦੇ ਇਲਾਕੇ ਵਿਚ ਸ਼ੁਰੂ ਹੋਣ ਵਾਲੇ ਨਹਿਰੀ ਪਾਣੀ ਆਧਾਰਿਤ ਪ੍ਰੋਜੈਕਟ ਜਲਦ ਤਿਆਰ ਕੀਤੇ ਜਾ ਰਹੇ ਹਨ। ਫਿਰੋਜ਼ਪੁਰ ਵਾਲੇ ਪ੍ਰੋਜੈਕਟ (12 ਐਮਐਲਡੀ) ਨਾਲ ਇਲਾਕੇ ਦੇ 93 ਪਿੰਡਾਂ, ਫਾਜ਼ਿਲਕਾ ਵਾਲੇ ਪ੍ਰੋਜੈਕਟ (34 ਐਮਐਲਡੀ) ਨਾਲ 205 ਪਿੰਡਾਂ ਅਤੇ ਅਬੋਹਰ (63 ਐਮਐਲਡੀ) ਵਾਲੇ ਪ੍ਰੋਜੈਕਟ ਨਾਲ 115 ਪਿੰਡਾਂ ਨੂੰ ਲਾਭ ਪੁੱਜੇਗਾ।
ਇਸ ਤੋਂ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੂੰ ਮੋਗਾ, ਪਟਿਆਲਾ, ਫਤਹਿਗੜ ਸਾਹਿਬ, ਅੰਮਿ੍ਰਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ ਵਿਖੇ ਨਹਿਰੀ ਪਾਣੀ ਆਧਾਰਿਤ 11 ਪ੍ਰੋਜੈਕਟਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਇਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਇਨਾਂ ਜ਼ਿਲਿਆਂ ਦੇ ਉਨਾਂ ਪਿੰਡਾਂ ਨੂੰ ਸ਼ੁੱਧ ਪਾਣੀ ਮਿਲੇਗਾ ਜਿਨਾਂ ਵਿਚ ਯੂਰੇਨੀਅਮ, ਫਲੋਰਾਇਡ ਅਤੇ ਆਰਸੈਨਿਕ ਦੀ ਸਮੱਸਿਆ ਹੈ। ਜਲ ਜੀਵਨ ਮਿਸ਼ਨ ਤਹਿਤ ਚੱਲ ਰਹੇ ਪ੍ਰੋਜੈਕਟ ਬਾਰੇ ਵੀ ਮੰਤਰੀ ਨੂੰ ਦੱਸਿਆ ਗਿਆ।
ਮੀਟਿੰਗ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ, ਵਧੀਕ ਸਕੱਤਰ ਅਤੇ ਵਿਭਾਗ ਮੁਖੀ ਅਮਿਤ ਤਲਵਾੜ, ਵਧੀਕ ਸਕੱਤਰ ਪਰਨੀਤ ਸ਼ੇਰਗਿੱਲ, ਉੱਤਰੀ, ਦੱਖਣੀ ਤੇ ਕੇਂਦਰੀ ਖੇਤਰ ਦੇ ਚੀਫ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰਾਂ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In