Menu

ਕੇਜਰੀਵਾਲ ਦਾ ਕੈਪਟਨ ਅਮਰਿੰਦਰ ‘ਤੇ ਪਲਟਵਾਰ, ਹੋਛੀ ਰਾਜਨੀਤੀ ਕਰ ਰਹੇ ਹਨ ਕੈਪਟਨ

ਚੰਡੀਗੜ੍ਹ, 2 ਦਸੰਬਰ (ਹਰਜੀਤ ਮਠਾੜੂ) – ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਦਿੱਲੀ ਸਰਕਾਰ ਉਪਰ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਦੋਸ਼ਾਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇੰਨੇ ਨਾਜ਼ੁਕ ਮੌਕੇ ਉਪਰ ਕੈਪਟਨ ਅਮਰਿੰਦਰ ਸਿੰਘ ਘਟੀਆ ਅਤੇ ਹੋਸ਼ੀ ਰਾਜਨੀਤੀ ‘ਤੇ ਉਤਰ ਆਏ ਹਨ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਸਭ ਕੁਝ ਜਾਣਦੇ-ਸਮਝਦੇ ਹੋਏ ਵੀ ਅਮਰਿੰਦਰ ਸਿੰਘ ਦਿੱਲੀ ਸਰਕਾਰ ਉਤੇ ਝੂਠੇ ਦੋਸ਼ ਲਗਾ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ, ”ਅਮਰਿੰਦਰ ਸਿੰਘ ਵੱਲੋਂ ਮੇਰੇ ਉਤੇ ਲਗਾਏ ਦੋਸ਼ ਬਿਲਕੁਲ ਝੂਠੇ ਹਨ ਕਿ ਦਿੱਲੀ ਵਿਚ ਕਾਨੂੰਨ ਪਾਸ ਕਰ ਦਿੱਤੇ ਹਨ। ਇਹ ਸਹੀ ਨਹੀਂ ਹੈ ਕਿਉਂਕਿ ਕੈਪਟਨ ਸਾਹਿਬ ਸਭ ਕੁਝ ਜਾਣਦੇ ਹਨ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਲਾਗੂ ਕਰ ਦਿੱਤੇ ਤਾਂ ਸੂਬਾ ਸਰਕਾਰਾਂ ਦੇ ਹੱਥ ਵਿਚ ਕੁਝ ਨਹੀਂ ਹੈ। ਅਜਿਹੇ ਮੌਕੇ ਕੈਪਟਨ ਨੂੰ ਸੌੜੀ ਸਿਆਸਤ ਨਹੀਂ ਕਰਨੀ ਚਾਹੀਦੀ।”
ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਜਿਸ ਦਿਨ ਰਾਸ਼ਟਰਪਤੀ ਨੇ ਇਨ੍ਹਾਂ ਕਾਨੂੰਨਾਂ ਉਤੇ ਦਸਤਖਤ ਕਰ ਦਿੱਤੇ ਸਨ ਉਸੇ ਦਿਨ ਹੀ ਸਾਰੇ ਦੇਸ਼ ਵਿਚ ਕਾਨੂੰਨ ਲਾਗੂ ਹੋ ਗਏ ਸਨ, ਕਿਸੇ ਸੂਬੇ ਦੇ ਹੱਥ ਵਿਚ ਨਹੀਂ ਹੈ ਕਿ ਉਹ ਕਾਨੂੰਨ ਲਾਗੂ ਕਰੇ ਜਾਂ ਨਾ ਕਰੇ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨ ਦਿੱਲੀ ਤੱਕ ਆ ਕੇ ਕੇਂਦਰ ਸਰਕਾਰ ਤੋਂ ਇਹ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੂਬੇ ਦੇ ਹੱਥ ਵਿਚ ਹੁੰਦਾ ਤਾਂ ਕਿਸਾਨ ਆਪਣੇ-ਆਪਣੇ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਇਹ ਕਾਨੂੰਨ ਰੋਕਣ ਦੀ ਮੰਗ ਕਰਦੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਵੱਲੋਂ ਜੋ ਲੜਾਈ ਲੜੀ ਜਾ ਰਹੀ ਹੈ ਉਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਸਾਡੇ ਸਭ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਦੋ ਵਕਤ ਦੀ ਰੋਟੀ ਖਾਂਦੇ ਹਾਂ ਉਹ ਕਿਸਾਨਾਂ ਦੇ ਖੂਨਪਸੀਨੇ ਤੇ ਮਿਹਨਤ ਨਾਲ ਪੈਦਾ ਕੀਤੇ ਅੰਨ ਦੀ ਰੋਟੀ ਹੁੰਦੀ ਹੈ ਤੇ ਸਾਨੂੰ ਇਨ੍ਹਾਂ ਕਿਸਾਨਾਂ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ”ਮੋਦੀ ਸਰਕਾਰ ਨੇ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ ਵਿਚ ਤਬਦੀਲ ਕਰਨ ਦੇ ਲਈ ਮੇਰੇ ਉਤੇ ਕਈ ਤਰ੍ਹਾਂ ਦਾ ਦਬਾਅ ਪਾਇਆ, ਪ੍ਰੰਤੂ ਮੈਂ ਕਿਸਾਨਾਂ ਦੇ ਹੱਕ ਵਿਚ ਡਟਦੇ ਹੋਏ ਇਹ ਆਗਿਆ ਨਾ ਦਿੱਤੀ। ਇਸ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਮੇਰੇ ਉਤੇ ਖਫਾ ਹੈ।”
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁਖਾਤਿਬ ਹੁੰਦਿਆ ਕਿਹਾ, ”ਕੈਪਟਨ ਸਾਹਿਬ ਕਿਸ ਦੇ ਦਬਾਅ ਵਿਚ ਆ ਕੇ ਮੇਰੇ ਉਤੇ ਝੂਠੇ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਕੈਪਟਨ ਦੇ ਪਰਿਵਾਰ ਨੂੰ ਈਡੀ ਵਲੋਂ ਵੀ ਬੁਲਾਇਆ ਗਿਆ ਸੀ, ਕਿਤੇ ਤੁਸੀਂ ਇਹ ਦਬਾਅ ਵਿਚ ਆ ਕੇ ਦੋਸ਼ ਤਾਂ ਨਹੀਂ ਲਗਾ ਰਹੇ ਜਾਂ ਫਿਰ ਭਾਜਪਾ ਨਾਲ ਦੋਸਤੀ ਨਿਭਾਅ ਰਹੇ ਹੋ।”
ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਉਤੇ ਪਲਟਵਾਰ ਕਰਦਿਆਂ ਕਿਹਾ ਕਿ ਕੈਪਟਨ ਕੋਲ ਇਸ ਕਾਨੂੰਨ ਨੂੰ ਰੋਕਣ ਲਈ ਕਈ ਮੌਕੇ ਸਨ, ਪ੍ਰੰਤੂ ਕੈਪਟਨ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਲਈ ਕੇਂਦਰ ਵੱਲੋਂ ਬਣਾਈ ਗਈ ਹਾਈਪਾਵਰ ਕਮੇਟੀ ਵਿਚ ਕੈਪਟਨ ਅਮਰਿੰਦਰ ਮੈਂਬਰ ਸਨ ਉਸ ਸਮੇਂ ਇਹ ਲੋਕਾਂ ਵਿਚ ਆ ਕੇ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਇਹ ਕਾਲੇ ਕਾਨੂੰਨ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੀ ਹੱਦ ਉਤੇ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਨੌਜਵਾਨ ਦੇਸ਼ ਦੀ ਸਰਹੱਦ ਉਤੇ ਦੇਸ਼ ਦੀ ਸੁਰੱਖਿਆ ਕਰਦੇ ਸ਼ਹੀਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਹੱਕਾਂ ਲਈ ਸੰਘਰਸ਼ ਕਿਸਾਨਾਂ ਨੂੰ ਦੇਸ਼ ਧਿਰੋਹੀ ਕਿਹਾ ਜਾਂਦਾ ਹੈ ਤਾਂ ਫਿਰ ਦੇਸ਼ ਦੀ ਸਰਹੱਦ ਉਤੇ ਖੜ੍ਹੇ ਨੌਜਵਾਨਾਂ ਉਤੇ ਕੀ ਬੀਤਦੀ ਹੋਵੇਗੀ ?
ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉਤੇ ਉਠਕੇ ਸੇਵਾਦਾਰ ਵਜੋਂ ਅੰਨਦਾਤਾ ਦੀ ਸੇਵਾ ਕਰਨ। ਕੇਜਰੀਵਾਲ ਨੇ ਕਿਸਾਨੀ ਸੰਘਰਸ ਦੇ ਮੱਦੇਨਜ਼ਰ ਕਿਹਾ ਕਿ ਉਹ (ਆਪ ਅਤੇ ਦਿੱਲੀ ਸਰਕਾਰ) ਨਾ ਕਿਸੇ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ ਅਤੇ ਨਾ ਹੀ ਕਿਸਾਨਾਂ ਦੇ ਨਾਂ ‘ਤੇ ਕਿਸੇ ਨੂੰ ਸਿਆਸਤ ਕਰਨ ਦੇਣਗੇ।
ਕੇਜਰੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਛੇਤੀ ਪੂਰਾ ਕੀਤਾ ਜਾਵੇ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In