ਸ੍ਰੀਨਗਰ – ਜੰਮੂ-ਕਸ਼ਮੀਰ ‘ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਵਲੋਂ ਸਾਂਝੇ ਤੌਰ ‘ਤੇ ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਜੰਮੂ ਅਤੇ ਉਧਮਪੁਰ ‘ਚ ਕਾਂਗਰਸ ਲੜੇਗੀ ਅਤੇ ਅਨੰਤਨਾਗ ਅਤੇ ਬਾਰਾਮੂਲਾ ‘ਚ ‘ਦੋਸਤਾਨਾ ਲੜਾਈ’ ਹੋਵੇਗੀ। ਅਬਦੁੱਲਾ ਮੁਤਾਬਕ ਉਹ ਸ੍ਰੀਨਗਰ ਸੰਸਦੀ ਸੀਟ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਉੱਥੇ ਹੀ ਲਦਾਖ਼ ਸੀਟ ਨੂੰ ਲੈ ਕੇ ਦੋਹਾਂ ਦਲਾਂ ਵਿਚਾਲੇ ਗੱਲਬਾਤ ਜਾਰੀ ਹੈ। ਉੱਧਰ ‘ਦੋਸਤਾਨਾ ਜੰਗ’ ਬਾਰੇ ਸਪਸ਼ਟ ਕਰਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਦੋਹਾਂ ਸੀਟਾਂ ‘ਤੇ ਦੋਵੇਂ ਦਲ ਆਪਣੇ ਉਮੀਦਵਾਰ ਉਤਾਰਨਗੇ। ਬੇਸ਼ੱਕ ਕਾਂਗਰਸ ਜਿੱਤੇ ਜਾਂ ਫਿਰ ਨੈਸ਼ਨਲ ਕਾਨਫ਼ਰੰਸ, ਇਹ ਦੋਹਾਂ ਦਲਾਂ ਲਈ ਜਿੱਤ ਹੋਵੇਗੀ।