ਬਠਿੰਡਾ, 14 ਫਰਵਰੀ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸ਼ਹਿਰ ਵਾਸੀਆਂ ਨੂੰ ਟ੍ਰੈਫ਼ਿਕ ਸਮੱਸਿਆਂ ਤੋਂ ਛੁਟਕਾਰਾ ਦਿਵਾਉਣ ਦੇ ਮੱਦੇਨਜ਼ਰ ਕਿਊ ਆਰ ਵਾਲੇ ਆਟੋ ਰਿਕਸ਼ਿਆਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਸਥਾਨਕ ਪੁਲਿਸ ਲਾਈਨ ਵਿਖੇ “ਕੀ ਹਾਲ ਹੈ ਮੇਰੇ ਸ਼ਹਿਰ ਦਾ” ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਪਹਿਲਕਦਮੀ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਆਟੋ ਚਾਲਕਾਂ ‘ਤੇ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਤੇ ਲੜਕੀਆਂ ਦੀ ਸੁਰੱਖਿਆ ਜਿੱਥੇ ਵਧੇਗੀ, ਉਥੇ ਹੀ ਟ੍ਰੈਫ਼ਿਕ ਕੇ ਨਾਲ-ਨਾਲ ਕਰਾਈਮ ਅਤੇ ਲੁੱਟ ਖੋਹ ਆਦਿ ਦੀ ਦਰ ਵੀ ਘਟੇਗੀ। ਇਸ ਮੌਕੇ ਉਨ੍ਹਾਂ ਵੱਲੋਂ ਆਟੋ ਚਾਲਕਾਂ ਦੀ ਪਹਿਚਾਣ ਵਾਲੇ ਕਿਊ ਆਰ ਕੋਡ ਵਾਲੇ ਆਈ.ਕਾਰਡਾਂ ਦੀ ਵੀ ਵੰਡ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਟ੍ਰੈਫ਼ਿਕ ਪੁਲਿਸ ਅਤੇ “ਕੀ ਹਾਲ ਹੈ ਮੇਰੇ ਸ਼ਹਿਰ ਦਾ” ਵੈਲਫੇਅਰ ਕਲੱਬ ਵੱਲੋਂ ਸੂਬੇ ਅੰਦਰ ਪਹਿਲੇ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਟੋ ਚਾਲਕਾਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਆਪਣੀ ਜਿੰਮੇਵਾਰੀ ਸਮਝਣ ਦੀ ਵੀ ਅਪੀਲ ਕੀਤੀ। ਉਨ੍ਹਾਂ ਆਟੋ ਚਾਲਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਿਤ ਕਰਦਿਆਂ ਕਿਹਾ ਕਿ ਆਟੋ ਚਲਾਉਣ ਸਮੇਂ ਕਿਸੇ ਵੀ ਤਰ੍ਹਾਂ ਦੀ ਕਾਹਲੀ ਕਰਨ ਅਤੇ ਗਲਤ ਪਾਸੇ ਵਾਲੇ ਰਸਤਿਆਂ ਤੇ ਆਟੋ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਆਟੋ ਚਾਲਕਾਂ ਨੂੰ ਵੀ ਵਿਸ਼ਵਾਸ਼ ਦਵਾਇਆ ਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੁੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਵੈਲਫੇਅਰ ਸੰਸਥਾ ਦੇ ਪ੍ਰਧਾਨ ਸ਼ਵਿੰਦਰ ਵਿੱਕੀ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕਰੀਬ 750 ਆਟੋ ਚਾਲਕਾਂ ਦਾ ਡਾਟਾ ਇਕੱਠਾ ਕਰਕੇ ਸੰਸਥਾ ਵੱਲੋਂ ਹਰੇਕ ਆਟੋ ਤੇ ਦੋ-ਦੋ ਕਿਊ ਆਰ ਕੋਡ ਵਾਲੇ ਫਲੈਕਸ ਲਗਾਏ ਗਏ ਹਨ, ਇਸ ਤੋਂ ਇਲਾਵਾ ਆਟੋ ਚਾਲਕਾਂ ਦੇ ਕਿਊ ਆਰ ਕੋਡ ਵਾਲੇ ਆਈ.ਕਾਰਡ ਵੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਆਟੋ ਚਾਲਕਾਂ ਪ੍ਰਤੀ ਸੁਰੱਖਿਆ ਤੇ ਵਿਸ਼ਵਾਸ਼ ਵਧੇਗਾ। ਕੋਈ ਵੀ ਸਵਾਰੀ ਇਸ ਕਿਊ ਆਰ ਕੋਡ ਵਾਲੇ ਆਟੋ ਤੇ ਸਫ਼ਰ ਕਰਨ ਤੋਂ ਪਹਿਲਾਂ ਉਸ ਕੋਡ ਨੂੰ ਸਕੈਨ ਕਰਕੇ ਉਸ ਦਾ ਪੂਰਾ ਪਤਾ ਲਗਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਸਵਾਰੀ ਆਪਣਾ ਸਮਾਨ ਆਦਿ ਵੀ ਆਟੋ ਰਿਕਸ਼ੇ ਵਿੱਚ ਰੱਖ ਕੇ ਭੁੱਲ ਵੀ ਜਾਂਦੀ ਹੈ ਤਾਂ ਉਸ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ। ਇਸ ਮੌਕੇ “ਕੀ ਹਾਲ ਹੈ ਮੇਰੇ ਸ਼ਹਿਰ ਦਾ” ਵੈਲਫੇਅਰ ਕਲੱਬ ਦੇ ਸਰਪ੍ਰਸਤ ਰੁਪਿੰਦਰ ਸਿੰਘ, ਕਲੱਬ ਦੇ ਉਪ ਪ੍ਰਧਾਨ ਨਵਪ੍ਰੀਤ ਸਿੰਘ ਬਾਹੀਆ, ਕੈਸ਼ੀਅਰ ਇਸ਼ੈ ਕੁਮਾਰ ਮੋਂਗਾ, ਟ੍ਰੈਫ਼ਿਕ ਇੰਚਾਰਜ ਅਮਰੀਕ ਸਿੰਘ, ਟ੍ਰੈਫ਼ਿਕ ਐਜ਼ੂਕੇਸ਼ਨ ਏ.ਐਸ.ਆਈ. ਸੁਖਰਾਜ ਸਿੰਘ ਆਦਿ ਤੋਂ ਇਲਾਵਾ ਆਟੋ ਚਾਲਕ ਹਾਜ਼ਰ ਸਨ।