ਫਰਿਜ਼ਨੋ (ਕੈਲੀਫੋਰਨੀਆ), 23 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਰਹਿ ਰਹੇ ਹੈਤੀ ਦੇਸ਼ ਦੇ ਨਿਵਾਸੀਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਦੀ ਮਿਆਦ ਨੂੰ ਬਾਈਡੇਨ ਪ੍ਰਸ਼ਾਸਨ ਦੁਆਰਾ ਵਧਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਹੋਮਲੈਂਡ ਸਕਿਓਰਿਟੀ ਦੇ ਸੈਕਟਰੀ ਅਲੇਜੈਂਡਰੋ ਮੇਯੋਰਕਾਸ ਨੇ ਸ਼ਨੀਵਾਰ ਨੂੰ ਹੈਤੀ ਲਈ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ (ਟੀ ਪੀ ਐਸ) ਨੂੰ ਮੁੜ ਨਿਯੁਕਤ ਕੀਤਾ ਹੈ। ਜਿਸਦੇ ਤਹਿਤ ਹੈਤੀਆਈ ਨਾਗਰਿਕਾਂ ਨੂੰ ਹੋਰ 18 ਮਹੀਨਿਆਂ ਲਈ ਅਮਰੀਕਾ ਵਿੱਚ ਕਾਨੂੰਨੀ ਤੌਰ ‘ਤੇ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਹੈਤੀ ਇਸ ਸਮੇਂ ਸੁਰੱਖਿਆ ਸੰਬੰਧੀ ਚਿੰਤਾਵਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਵਾਧਾ, ਗਰੀਬੀ ਅਤੇ ਬੁਨਿਆਦੀ ਸਰੋਤਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਇਸ ਟੀ ਪੀ ਐਸ ਯੋਜਨਾ ਦੀ ਪਹਿਲੀ ਸ਼ੁਰੂਆਤ ਹੈਤੀ ਦੇ ਸ਼ਰਨਾਰਥੀਆਂ ਲਈ ਸਾਲ 2010 ਵਿੱਚ ਉਸ ਸਾਲ ਆਏ ਜਬਰਦਸਤ ਭੁਚਾਲ ਕਰਕੇ ਕੀਤੀ ਗਈ ਸੀ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ ਇਸ ਸਥਿਤੀ ਨੂੰ ਕਈ ਵਾਰ ਵਧਾ ਦਿੱਤਾ ਗਿਆ ਸੀ। ਇਸ ਮਾਰਚ ਦੇ ਅੰਕੜਿਆਂ ਅਨੁਸਾਰ ਤਕਰੀਬਨ 41,000 ਹੈਤੀ ਦੇ ਲੋਕਾਂ ਨੂੰ ਇਸ ਨਿਯਮ ਅਧੀਨ ਸੁਰੱਖਿਅਤ ਰੱਖਿਆ ਗਿਆ ਸੀ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਸਾਲ 2018 ਵਿੱਚ ਹੈਤੀ ਵਾਸੀਆਂ ਲਈ ਸੁਰੱਖਿਆ ਖਤਮ ਕਰਨ ਦਾ ਐਲਾਨ ਕੀਤਾ ਸੀ ਪਰ ਮੁਕੱਦਮਿਆਂ ਦੀ ਇੱਕ ਲੜੀ ਨੇ ਇਸ ਫੈਸਲੇ ਨੂੰ ਲਾਗੂ ਹੋਣ ਤੋਂ ਰੋਕੇ ਰੱਖਿਆ ਸੀ। ਇਸਦੇ ਇਲਾਵਾ ਰਾਸ਼ਟਰਪਤੀ ਬਾਈਡੇਨ ਨੇ ਮਾਰਚ ਵਿੱਚ ਵੈਨਜ਼ੂਏਲਾ ਦੇ ਨਾਗਰਿਕਾਂ ਲਈ ਵੀ ਟੀ ਪੀ ਐਸ ਸੁਰੱਖਿਆ ਦੀ ਸ਼ੁਰੂਆਤ ਕੀਤੀ ਸੀ।