ਚੰਡੀਗੜ੍ਹ, 21 ਫਰਵਰੀ: ਕਿਸਾਨ ਅੰਦੋਲਨ ਦਾ ਸੇਕ ਦੇਸ਼ ਭਰ ਵਿੱਚ ਫੈਲਣ ਲੱਗਾ ਹੈ। ਹਾਲਾਤ ਨੂੰ ਵੇਖਦਿਆਂ ਕੇਂਦਰ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀਆਂ ਰਿਹਾਇਸ਼ਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਰਿਹਾਇਸ਼ ਦੁਆਲੇ ਸੁਰੱਖਿਆ ਵਧਾਈ ਗਈ ਹੈ। ਬੇਸ਼ੱਕ ਸੁਰੱਖਿਆ ਵਧਾਉਣ ਬਾਰੇ ਕੁਝ ਸਪਸ਼ਟ ਨਹੀਂ ਕੀਤਾ ਗਿਆ ਪਰ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਦਰਅਸਲ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਸਰਕਾਰਾਂ ਆਹਮੋ-ਸਾਹਮਣੇ ਹਨ। ਹਰਿਆਣਾ ਸਰਕਾਰ ਅੱਜ ਪੰਜਾਬ ਸਰਕਾਰ ਖਿਲਾਫ ਹਾਈਕੋਰਟ ਵੀ ਪਹੁੰਚੀ ਪਰ ਅਦਾਲਤ ਨੇ ਫਿਟਕਾਰ ਲਾਉਂਦਿਆਂ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਇਨਕਾਰ ਦਿੱਤਾ।