14 ਸਤੰਬਰ 2023-ਪੰਜਾਬੀ ਯੂਨੀਵਰਸਿਟੀ ਵਿਚ ਉਸ ਸਮੇਂ ਮਾਹੌਲ ਵਿਗੜ ਗਿਆ ਜਦੋਂ ਵਾਇਸ ਚਾਂਸਲਰ ਦਫਤਰ ਅੱਗੇ ਧਰਨਾ ਦੇ ਰਹੇ ਵਿਦਿਆਰਥੀਆਂ ਵਲੋਂ ਪ੍ਰੋਫੈਸਰ ਦੀ ਕੁੱਟਮਾਰ ਕਰ ਦਿੱਤੀ ਗਈ। ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੀ ਘਰ ਵਿਚ ਹੋਈ ਮੌਤ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵਲੋਂ ਪ੍ਰੋਫੈਸਰ ’ਤੇ ਤੰਗ ਪ੍ਰੇਸ਼ਾਨ ਦਾ ਦੋਸ਼ ਲਗਾਉਂਦਿਆਂ ਧਰਨਾ ਦਿੱਤਾ ਜਾ ਰਿਹਾ ਸੀ। ਦੁਪਹਿਰ ਸਮੇਂ ਪ੍ਰੋਫੈਸਰ ਸੁਰਜੀਤ ਸਿੰਘ ਵਿਦਿਆਰਥੀਆਂ ਵਿਚਕਾਰ ਪੁੱਜੇ ਤਾਂ ਮਾਹੌਲ ਅਚਾਨਕ ਗਰਮ ਹੋ ਗਿਆ ਤੇ ਪ੍ਰੋਫੈਸਰ ਦੀ ਕੁੱਟਮਾਰ ਕਰ ਦਿੱਤੀ ਗਈ। ਮੌਕੇ ‘ਤੇ ਮੋਜੂਦ ’ਵਰਸਿਟੀ ਸੁਰੱਖਿਆ ਮੁਲਾਜਮਾਂ ਵਲੋਂ ਪ੍ਰੋਫੈਸਰ ਨੂੰ ਚੁੱਕ ਕੇ ਇਕੱਠ ਵਿਚੋਂ ਬਾਹਰ ਲਿਆਂਦਾ ਗਿਆ। ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ।
ਡਾਇਰੈਕਟਰ ਲੋਕ ਸੰਪਰਕ ਵਿਭਾਗ ਦਲਜੀਤ ਅਮੀ ਨੇ ਦੱਸਿਆ ਕਿ ਪੰਜ ਸਾਲਾ ਇੰਟੇਗ੍ਰੇਟਡ ਕੋਰਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਜਸ਼ਨਦੀਪ ਪਹਿਲਾਂ ਤੋਂ ਬਿਮਾਰ ਚੱਲ ਰਹੀ ਸੀ, ਜਿਸਦੀ ਬੀਤੇ ਦਿਨ ਤਬੀਅਤ ਖਰਾਬ ਹੋਈ ਸੀ। ਇਸ ਬਾਰੇ ਉਸਦੇ ਪਰਿਵਾਰ ਨੂੰ ਵੀ ਜਾਣਕਾਰੀ ਮਿਲ ਗਈ ਸੀ ਤੇ ਵਿਦਿਆਰਥਣ ਨੂੰ ਕੈਂਪਸ ਦੇ ਸਿਹਤ ਕੇਂਦਰ ਵਿਚ ਮੁਢਲਾ ਇਲਾਜ ਦੇਣ ਤੋਂ ਬਾਅਦ ਪਰਿਾਵਰ ਆਪਣੇ ਨਾਲ ਘਰ ਲੈ ਗਿਆ ਸੀ।ਘਰ ਜਾ ਕੇ ਵਿਦਿਆਰਥਣ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਵਿਚ ਪੂਰੀ ਯੂਨੀਵਰਸਿਟੀ ਸੋਗਮਈ ਹੈ। ਦਲਜੀਤ ਅਮੀ ਨੇ ਕਿਹਾ ਕਿ ਅੱਜ ਧਰਨੇ ਦੌਰਾਨ ਪ੍ਰੋਫੈਸਰ ਸੁਰਜੀਤ ਸਿੰਘ ’ਤੇ ਕੀਤਾ ਗਿਆ ਹਮਲਾ, ਹੁੱਲੜਬਾਜੀ ਹੈ। ਜਿਸਨੂੰ ਬਰਾਦਸ਼ਤ ਨਹੀਂ ਕੀਤਾ ਜਾਵੇਗਾ। ਹਮਲਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਪ੍ਰੋਫੈਸਰ ’ਤੇ ਵਿਦਿਆਰਥਣ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲੱਗੇ ਦੋਸ਼ਾਂ ਨੂੰ ਦਲਜੀਤ ਅਮੀ ਨੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਅਜਿਹੀ ਸ਼ਿਕਾਇਤ ਨਾ ਪਹਿਲਾਂ ਕਦੇ ਮਿਲੀ ਸੀ ਤੇ ਨਾ ਹੁਣ ਕੋਈ ਸਬੂਤ ਪੇਸ਼ ਕੀਤਾ ਗਿਆ ਹੈ। ਇਸ ਲਈ ਦੋਸ਼ ਝੂਠੇ ਹਨ।