26 ਜੁਲਾਈ 2023-ਰੋਜ਼ੀ ਰੋਟੀ ਲਈ ਦੁਬਈ ਗਿਆ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਰਾਈਆ ਦਾ ਇਕ ਨੌਜਵਾਨ ਲਾਪਤਾ ਹੋ ਗਿਆ। ਲਾਪਤਾ ਵਿਅਕਤੀ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ। ਬਲਜਿੰਦਰ ਨਾਲ ਉਸ ਦੇ ਮਾਪਿਆਂ ਦੀ ਪਿਛਲੇ 20-25 ਦਿਨਾਂ ਤੋਂ ਗੱਲਬਾਤ ਨਹੀਂ ਹੋ ਸਕੀ। ਪੁੱਤਰ ਦੇ ਲਾਪਤਾ ਹੋਣ ਦੀ ਖ਼ਬਰ ਸੁਣ ਕੇ ਬਜ਼ੁਰਗ ਬੀਮਾਰ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਨੂੰ ਆਵਾਜ਼ਾਂ ਮਾਰ-ਮਾਰ ਕੇ ਪੁਕਾਰ ਰਹੀ ਹੈ ਪਰ ਬਲਜਿੰਦਰ ਸਿੰਘ ਦਾ ਕੁਝ ਅਤਾ ਪਤਾ ਨਹੀਂ ਲੱਗ ਰਿਹਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਉਨ੍ਹਾਂ ਦਾ ਬਲਜਿੰਦਰ ਸਿੰਘ ਨਾਲ ਕੋਈ ਸੰਪਰਕ ਨਹੀਂ ਹੋਇਆ ਅਤੇ ਉਸ ਦੇ ਦੋਸਤਾਂ ਨੇ ਦਸਿਆ ਕਿ ਉਹ ਆਪਣੇ ਕਮਰੇ ਵਿਚ ਵੀ ਨਹੀਂ ਹੈ, ਪਰ ਉਸ ਦਾ ਸਾਮਾਨ ਉਥੇ ਕਮਰੇ ਵਿਚ ਹੀ ਪਿਆ ਹੈ ਅਤੇ ਉਸ ਦਾ ਫੋਨ ਬੰਦ ਆ ਰਿਹਾ ਹੈ।ਪਰਿਵਾਰ ਵਾਲਿਆਂ ਨੇ ਸਰਕਾਰਾਂ ਸਮੇਤ ਸਮਾਜ ਸੇਵੀ ਐੱਸ. ਪੀ. ਉਬਰਾਏ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਬਲਜਿੰਦਰ ਸਿੰਘ ਦੀ ਭਾਲ ਕਰਵਾ ਕੇ ਉਸ ਨੂੰ ਭਾਰਤ ਵਾਪਸ ਮੰਗਾਉਣ ‘ਚ ਸਹਿਯੋਗ ਕਰਨ।