21, ਮਈ- ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਹੁਣ ਪਹਿਲਵਾਨਾਂ ਨੇ 23 ਮਈ ਨੂੰ ਪ੍ਰਦਰਸ਼ਨ ਦਾ ਇੱਕ ਮਹੀਨਾ ਪੂਰਾ ਹੋਣ ’ਤੇ ਇੰਡੀਆ ਗੇਟ ’ਤੇ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਸਾਕਸ਼ੀ ਮਲਿਕ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਪ੍ਰਤੀਨਿਧੀ ਵਜੋਂ ਮਹਿਮ ਦੇ ਚੌਬੀਸੀ ਚਬੂਤਰਾ ਵਿਖੇ ਹੋ ਰਹੀ ਖਾਪ ਪੰਚਾਇਤ ‘ਚ ਪਹੁੰਚੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਧਰਨੇ ਨੂੰ 29 ਦਿਨ ਹੋ ਗਏ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਦਰਅਸਲ, ਵਿਰੋਧ ਦੀ ਅਗਲੀ ਰੂਪ-ਰੇਖਾ ਤਿਆਰ ਕਰਨ ਲਈ ਐਤਵਾਰ ਨੂੰ ਸਾਰੇ ਖਾਪਾਂ ਦੀ ਮਹਾਪੰਚਾਇਤ ਹੋ ਰਹੀ ਹੈ। ਇਸ ਮਹਾਪੰਚਾਇਤ ‘ਚ ਸਾਕਸ਼ੀ ਮਲਿਕ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਪਹਿਲਵਾਨ ਸਤਿਆਵਰਤ ਕਾਦਿਆਨ ਵੀ ਪਹੁੰਚੇ। ਖਾਪ ਪੰਚਾਇਤ ਵਿੱਚ ਹੋਰ ਔਰਤਾਂ ਵੀ ਪਹੁੰਚ ਰਹੀਆਂ ਹਨ। ਖਾਪ ਦੇ ਸਾਹਮਣੇ ਆਪਣੀ ਗੱਲ ਰੱਖਦੇ ਹੋਏ ਸਾਕਸ਼ੀ ਨੇ ਕਿਹਾ ਕਿ ਉਸ ਨੂੰ ਵਿਸ਼ੇਸ਼ ਸਹਿਯੋਗ ਦੀ ਲੋੜ ਹੈ। ਮਹੀਨਾ ਬੀਤਣ ਦੇ ਕਰੀਬ ਹੈ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।