ਫਾਜ਼ਿਲਕਾ 5 ਮਈ 2023- ਵਿਸ਼ਵ ਹੱਥ ਦਿਵਸ ਮੌਕੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੰਨਣ ਖੇੜਾ, ਕੇਰਾ ਖੇੜਾ, ਆਲਮਗੜ੍ਹ ਖਾਟਵਾ ਅਤੇ ਢਾਣੀ ਠਾਕਰ ਸਿੰਘ ਆਦਿ ਵਿੱਚ ਵਿਸ਼ਵ ਹੱਥਾਂ ਦੀ ਸਫਾਈ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ। ਇਸ ਦੌਰਾਨ ਪਿੰਡਾਂ ਦੇ ਬੱਚਿਆਂ ਤੇ ਲੋਕਾਂ ਨੂੰ ਹੱਥਾਂ ਦੀ ਸਾਫ-ਸਫਾਈ ਜਿਵੇਂ ਕਿ ਹੱਥ ਧੋਣ ਦੀ ਵਿਧੀ ਆਦਿ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਆਈ.ਈ.ਸੀ. ਸੁਖਜਿੰਦਰ ਸਿੰਘ ਢਿੱਲੋਂ ਨੇ ਸਕੂਲੀ ਬੱਚਿਆਂ ਤੇ ਲੋਕਾਂ ਨੂੰ ਦੱਸਿਆ ਕਿ ਹੱਥ ਸਾਡੇ ਸਰੀਰ ਦਾ ਇੱਕ ਅਨਮੋਲ ਹਿੱਸਾ ਹਨ ਤੇ ਹੱਥਾਂ ਤੋਂ ਬਿਨਾਂ ਕੋਈ ਵੀ ਕਾਰਜ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹੱਥਾਂ ਦੀ ਸਾਫ ਸਫਾਈ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਸਾਨੂੰ ਖਾਣਾ ਪੀਣ ਤੋਂ ਪਹਿਲਾ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ਤਾਂ ਜੋ ਹੱਥਾਂ ਤੇ ਲੱਗੀ ਗੰਦਗੀ ਸਾਡੇ ਸਰੀਰ ਵਿੱਚ ਪ੍ਰਵੇਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਹੱਥਾਂ ਨਾਲ ਹੀ ਲਿਖਿਆ ਜਾਂਦਾ ਹੈ ਤੇ ਕਿਸਾਨ, ਇੰਜੀਨੀਅਰ, ਮਜ਼ਦੂਰ ਆਦਿ ਹੱਥਾਂ ਨਾਲ ਹੀ ਆਪਣੇ ਕੰਮ ਨੇਪਰੇ ਚਾੜ੍ਹਦੇ ਹਨ ਸੋ ਹੱਥਾਂ ਦਾ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਲਈ ਸਾਨੂੰ ਹੱਥਾਂ ਦੀ ਸਾਫ ਸਫਾਈ ਅਤੇ ਸਾਂਭ ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।ਇਸ ਮੌਕੇ ਸੀ.ਡੀ.ਐੱਸ. ਸੰਦੀਪ ਕੁਮਾਰ, ਸੁਖਪਾਲ ਸਿੰਘ, ਸੁਸ਼ੀਲ ਕੁਮਾਰ, ਵਰਿੰਦਰ ਕੁਮਾਰ, ਅਮਰਜੀਤ ਸਿੰਘ, ਸਾਗਰ ਕੁਮਾਰ, ਸੋਹਣ ਸਿੰਘ ਸਮੇਤ ਬੀ.ਆਰ.ਸੀ. ਆਦਿ ਹਾਜ਼ਰ ਸਨ।