ਬਠਿੰਡਾ, 8 ਜੁਲਾਈ – ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਅਰਬਨ ਪੀ.ਐਚ.ਸੀ. ਬੇਅੰਤ ਨਗਰ ਬਠਿੰਡਾ ਵਿਖੇ ਵਿਸ਼ਵ ਆਬਾਦੀ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਸੂਬੇ ਅੰਦਰ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾ ਰਿਹਾ। ਇਸ ਤਹਿਤ 27 ਜੂਨ ਤੋਂ 10 ਜੁਲਾਈ ਤੱਕ ਪਾਪੂਲੇਸ਼ਨ ਮੌਬਲਾਈਜੇਸ਼ਨ ਪੰਦਰਵਾੜਾ ਤੇ 11 ਜੁਲਾਈ ਤੋਂ 24 ਜੁਲਾਈ ਤੱਕ ਪਾਪੂਲੇਸ਼ਨ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸਾਡੇ ਦੇਸ਼ ਦੀ ਆਬਾਦੀ ਦਾ ਇਨੀ ਤੇਜੀ ਨਾਲ ਵੱਧਣਾ ਸਾਡੇ ਸਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਜਿਵੇਂ-ਜਿਵੇਂ ਸਾਡੇ ਦੇਸ਼ ਦੀ ਆਬਾਦੀ ਵੱਧਦੀ ਜਾਵੇਗੀ ਉਸੇ ਤਰਾਂ ਸਾਡੇ ਕੁਦਰਤੀ ਸੋਮੇ ਪਾਣੀ, ਅਨਾਜ ਅਤੇ ਹੋਰ ਰੋਜਾਨਾਂ ਵਰਤੋਂ ਵਿੱਚ ਆਉਂਣ ਵਾਲੀਆਂ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਕਿਹਾ ਕਿ ਵੱਧ ਰਹੀ ਆਬਾਦੀ ਤੇ ਕਾਬੂ ਪਾਉਣ ਲਈ ਲੜਕੇ ਅਤੇ ਲੜਕੀ ਦੀ ਸਹੀ ਉਮਰ ਵਿੱਚ ਸ਼ਾਦੀ, ਪਹਿਲਾ ਬੱਚਾ ਦੇਰੀ ਨਾਲ, ਬੱਚਿਆਂ ਵਿੱਚ ਘੱਟੋਂ-ਘੱਟ ਤਿੰਨ ਸਾਲ ਦਾ ਅੰਤਰ ਰੱਖੀਏ। ਲੜਕੇ ਅਤੇ ਲੜਕੀ ਵਿੱਚ ਫਰਕ ਨਾ ਸਮਝ ਕੇ ਸਿਰਫ ਦੋ ਹੀ ਬੱਚਿਆਂ ਨੂੰ ਜਨਮ ਦੇਈਏ ਤਾਂ ਹੀ ਅਸੀਂ ਆਬਾਦੀ ਤੇ ਕੰਟਰੋਲ ਕਰ ਸਕਦੇ ਹਾਂ। ਉਨਾਂ ਹਾਜ਼ਰ ਐਲ.ਐਚ.ਵੀ., ਏ.ਐਨ.ਐਮ. ਤੇ ਆਸ਼ਾ ਵਰਕਰ ਨੂੰ ਕਿਹਾ ਕਿ ਆਮ ਜਨਤਾ ਨੂੰ ਵੱਧ ਰਹੀ ਆਬਾਦੀ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਸਾਧਨ ਅਪਨਾਉਣ ਸਬੰਧੀ ਵੀ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਸ਼ਾਦੀ ਤੋਂ ਬਾਅਦ ਪਤੀ-ਪਤਨੀ ਵੱਲੋਂ ਪਰਿਵਾਰ ਦੀ ਯੋਜਨਾਂਬੰਦੀ ਕਰ ਲੈਣੀ ਚਾਹੀਦੀ ਹੈ। ਉਨਾਂ ਏ.ਐਨ.ਐਮ. ਤੇ ਆਸ਼ਾ ਨੂੰ ਕਿਹਾ ਕਿ ਯੋਗ ਜੋੜਿਆਂ ਨੂੰ ਪਰਿਵਾਰ ਭਲਾਈ ਦੇ ਉਨਾਂ ਤਰੀਕਿਆਂ ਬਾਰੇ ਹੀ ਜਾਗਰੂਕ ਕੀਤਾ ਜਾਵੇ, ਜੋ ਮਾਂ ਲਈ ਸੁਰੱਖਿਅਤ ਹੋਣ। ਉਨਾਂ ਪਰਿਵਾਰ ਭਲਾਈ ਦੇ ਨਵੇਂ ਤਰੀਕੇ ਛਾਇਆ ਗੋਲੀ, ਅੰਤਰਾ ਟੀਕਾ ਅਤੇ 10 ਸਾਲਾ ਕਾਪਰ-ਟੀ ਅਪਣਾਉਣ ਤੇ ਜੋਰ ਦਿੱਤਾ ਜਾਵੇ। ਕੰਪਲੀਟ ਫੈਮਲੀ ਦੇ ਪਰਿਵਾਰਾਂ ਨੂੰ ਪੱਕੇ ਸਾਧਨ ਨਲਬੰਦੀ ਅਤੇ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਪੇ੍ਰਰਿਤ ਕੀਤਾ ਜਾਵੇ। ਜ਼ਿਲਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਹਰ ਗਰਭਵਤੀ ਔਰਤ ਦਾ ਐਚ.ਆਈ.ਵੀ, ਥਾਇਰਾਈਡ ਤੇ ਸ਼ੂਗਰ ਆਦਿ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ਕਿਉਂਕਿ ਹੋਣ ਵਾਲੇ ਬੱਚੇ ਤੇ ਇਨਾਂ ਬਿਮਾਰੀਆਂ ਦਾ ਬਹੁਤ ਮਾੜਾ ਅਸਰ ਪੈਂਦਾ ਹੈ। ਉਨਾਂ ਦੱਸਿਆ ਕਿ ਆਪਣਾ ਜਨੇਪਾ ਮਾਹਿਰ ਡਾਕਰਟਾਂ ਪਾਸੋਂ ਸਰਕਾਰੀ ਹਸਪਾਤਲ ਵਿਖੇ ਹੀ ਕਰਵਾਇਆ ਜਾਵੇ। ਸਰਕਾਰੀ ਹਸਪਤਾਲ ਵਿੱਚ ਜਨੇਪੇ ਦੌਰਾਨ ਸਾਰੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਮੈਡੀਕਲ ਅਫਸਰ ਡਾ. ਪ੍ਰਭਜੋਤ ਕੌਰ ਵੱਲੋਂ ਵੀ ਹਾਜਰੀਨ ਨੂੰ ਫੈਮਲੀ ਪਲੈਨਿੰਗ ਦੇ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਐਲ.ਅੇਚ.ਵੀ. ਮਲਕੀਤ ਕੌਰ, ਏਂ.ਐਨ.ਐਮ. ਹਰਜਿੰਦਰ ਕੌਰ, ਪਰਮਜੀਤ ਕੌਰ, ਆਸ਼ਾ ਵਰਕਰ ਪ੍ਰਨੀਤ ਕੌਰ , ਮੰਜੂ, ਸਵੀਟੀ ਅਤੇ ਨਿਸ਼ਾਂ ਅਤੇ ਜਗਦੀਸ ਰਾਮ ਹਾਜਰ ਸਨ ।