

ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਦੇ ਅੰਮ੍ਰਿਤਸਰ-ਸਾਹਨੇਵਾਲ ਸੈਕਸ਼ਨ ‘ਤੇ ਇਸ ਵੱਕਾਰੀ ਪ੍ਰਾਜੈਕਟ ‘ਤੇ ਲਗਭਗ 33 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਆਰ.ਓ.ਬੀ. ‘ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੇ 18.83 ਕਰੋੜ ਰੁਪਏ ਖਰਚ ਕੀਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ 14.12 ਕਰੋੜ ਰੁਪਏ ਰੇਲਵੇ ਦੇ ਹਿੱਸੇ ਆਉਂਦੇ ਸਨ, ਜਿਸ ਵਿੱਚੋਂ 7.48 ਕਰੋੜ ਰੁਪਏ ਮਿਲ ਚੁੱਕੇ ਹਨ ਜਦਕਿ 6.64 ਕਰੋੜ ਰੁਪਏ ਅਜੇ ਬਕਾਇਆ ਹਨ।
ਮੁੱਖ ਮੰਤਰੀ ਨੇ ਜੀ-20 ਦੇ ਸਿੱਖਿਆ ਸੈਸ਼ਨ ਦੀ ਸਫਲਤਾ ਲਈ ਸੂਬੇ ਦੇ ਲੋਕਾਂ ਖਾਸ ਕਰਕੇ ਪਵਿੱਤਰ ਸ਼ਹਿਰ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਸ਼ਨਾਂ ਵਿੱਚ ਸ਼ਕਤੀਸ਼ਾਲੀ ਦੇਸ਼ਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਹੈ ਜੋ ਦੁਨੀਆ ਦੇ 80 ਫ਼ੀਸਦੀ ਹਿੱਸੇ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਵਿਚਾਰ-ਵਟਾਂਦਰਾ ਮੈਂਬਰ ਦੇਸ਼ਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਤਬਦੀਲੀਆਂ ਲਿਆਉਣ ਦਾ ਆਧਾਰ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਦੇ ਹਾਮੀ ਹਨ ਕਿ ਵੱਖੋ ਵੱਖ ਵਿਚਾਰ ਅਤੇ ਰਾਏ ਦੇਣ ਵਾਲਾ ਲੋਕਤੰਤਰ ਹਮੇਸ਼ਾ ਸਫਲ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ, ਦੋਵੇਂ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਸੂਬੇ ਦੇ ਵਿਕਾਸ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਦੱਖਣੀ ਸੂਬਿਆਂ ਦੇ ਸੰਸਦ ਮੈਂਬਰਾਂ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਨੀਤਿਕ ਵਿਚਾਰਧਾਰਾ ਦੇ ਬਾਵਜੂਦ ਜਦੋਂ ਉਨ੍ਹਾਂ ਦੇ ਸਬੰਧਤ ਸੂਬਿਆਂ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਨਾਲ ਜੁੜਿਆ ਕੋਈ ਵੀ ਮਾਮਲਾ ਹੁੰਦਾ ਹੈ ਤਾਂ ਉਹ ਹਮੇਸ਼ਾ ਇਕੱਠੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਹਰ ਥਾਂ ਇੱਕੋ ਜਿਹਾ ਜੋਸ਼ ਅਤੇ ਭਾਵਨਾ ਹੋਣੀ ਚਾਹੀਦੀ ਹੈ।