2 ਮਾਰਚ 2023-ਵਾਰਿਸ ਪੰਜਾਬ ਦੇ’ ਦਾ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੀ ਮਰਸਡੀਜ਼ ਕਾਰ ਦੋਵੇਂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਵਿਰੋਧੀਆਂ ਨੇ ਅੰਮ੍ਰਿਤਪਾਲ ‘ਤੇ ਦੋਸ਼ ਲਗਾਏ ਹਨ ਕਿ ਇਹ ਕਾਰ ਭਾਜਪਾ ਸਮਰਥਕ ਦੀ ਹੈ ਤੇ ਅੰਮ੍ਰਿਤਪਾਲ ਭਾਜਪਾ ਦਾ ਏਜੰਟ ਹੈ ਜਦਕਿ ਕੁਝ ਨੇ ਉਸ ਨੂੰ ਆਈ ਐਸ ਆਈ ਦਾ ਏਜੰਟ ਦੱਸਿਆ ਹੈ।ਸ਼ੋਸ਼ਲ ਮੀਡੀਆ ‘ਤੇ ਗੱਡੀ ਦੀਆਂ ਫੋਟੋਆਂ ਸ਼ੇਅਰ ਕਰ ਕੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਇਸ ਸਭ ਨੂੰ ਲੈ ਕੇ ਅੰਮ੍ਰਿਤਪਾਲ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਇਹ ਗੱਡੀ ਉਸ ਨੂੰ ਭੂਰਾ ਕੋਹਨਾ ਵਾਸੀ ਭਾਈ ਰਣਧੀਰ ਸਿੰਘ ਨੇ ਦਿੱਤੀ ਸੀ। ਉਹ ਖ਼ੁਦ ਅਮਰੀਕਾ ਰਹਿੰਦਾ ਹੈ ਤੇ ਆਪਣੀ ਜਾਇਜ਼ ਕਮਾਈ ਨਾਲ ਉਸ ਨੇ ਇਹ ਕਾਰ ਖਰੀਦੀ ਸੀ। ਉਸ ਕੋਲ ਇਸ ਦੀ ਐਨਓਸੀ ਵੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਰਣਧੀਰ ਸਿੰਘ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਹ 2002 ਤੋਂ ਅਮਰੀਕਾ ਰਹਿ ਰਿਹਾ ਹੈ ਪਰ ਉਸ ਦੇ ਪਿਤਾ ਸੁਲੱਖਣ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰ ਜਰਨੈਲ ਸਿੰਘ ਭਿੰਡਰਾਵਾਲੇ ਦੇ ਕਰੀਬੀ ਰਹੇ ਹਨ। ਮੂਲਰੂਪ ਨਾਲ ਭਾਰਤ-ਪਾਕਿ ਸਰਹੱਦ ਦੇ ਨਾਲ ਕਸਬਾ ਖੇਮਕਰਨ ਦੇ ਪਿੰਡ ਭੂਰਾ ਕੋਹਨਾ ਦੇ ਰਹਿਣ ਵਾਲੇ ਰਣਧੀਰ ਸਿੰਘ ਧੀਰਾ ਦੇ ਵੱਡਾ ਭਰਾ ਰਵੇਲ ਸਿੰਘ ਨੇ ਇਹ ਮਰਸਿਡੀਜ਼ ਕਾਰ ਹਰਿਆਣਾ ਦੇ ਇਕ ਵਪਾਰੀ ਤੋਂ ਖਰੀਦੀ ਸੀ। ਰਵੇਲ ਸਿੰਘ ਨੇ ਰਣਧੀਰ ਸਿੰਘ ਦੇ ਕਹਿਣ ‘ਤੇ ਇਹ ਕਾਰ ਅੰਮ੍ਰਿਤਪਾਲ ਨੂੰ ਭੇਂਟ ਕੀਤੀ ਸੀ। ਅੰਮ੍ਰਿਤਪਾਲ ਨੇ ਕਿਹਾ ਕਿ ਦੇਖੀ ਜਾਓ ਅਜੇ ਬਹੁਤ ਕੁੱਝ ਕਰਨਾ ਹੈ। ਵਿਰੋਧੀਆਂ ਨੂੰ ਜਵਾਬ ਦਿੰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਹ ਅਜਿਹੀ ਕਾਰ ਲੈ ਕੇ ਕਿਉਂ ਘੁੰਮਦਾ? ਉਸ ਨੇ ਪਾਕਿਸਤਾਨ ਤੋਂ ਫੰਡ ਲੈਣ ਦੇ ਆਪਣੇ ਸੰਗਠਨ ‘ਤੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਪਹਿਲਾਂ ਹੀ ਖ਼ਰਾਬ ਹਨ ਤੇ ਇਸ ਵੇਲੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਬਾਰੇ ਹਰ ਕੋਈ ਜਾਣੂ ਹੈ।