3 ਫਰਵਰੀ- ਅਮਰੀਕਾ ਦੇ ਆਸਮਾਨ ਵਿਚ ਪਿਛਲੇ ਕੁਝ ਦਿਨਾਂ ਤੋਂ ਚੀਨ ਦਾ ਇਕ ਸ਼ੱਕੀ ਸਪਲਾਈ ਬੈਲੂਨ ਉਡਦੇ ਦੇਖਿਆ ਜਾ ਰਿਹਾ ਹੈ। ਇਸ ਵਿਚ ਜਾਸੂਸੀ ਉਪਕਰਣ ਲੱਗੇ ਹੋਣ ਦੀ ਸ਼ੰਕਾ ਹੈ। ਅਜਿਹੇ ਵਿਚ ਅਮਰੀਕੀ ਸਰਕਾਰ ਵਿਚ ਹੜਕੰਪ ਮਚ ਗਿਆ ਹੈ। ਸ਼ੁਰੂਆਤ ਵਿਚ ਇਸ ਵਿਸ਼ਾਲ ਬੈਲੂਨ ਦੇ ਸ਼ੂਟ ਡਾਊਨ ਦਾ ਫੈਸਲਾ ਕੀਤਾ ਗਿਆ ਪਰ ਸ਼ੂਟ ਡਾਊਨ ਦੇ ਬਾਅਦ ਡਿਗਣ ਵਾਲੇ ਮਲਬੇ ਤੋਂ ਸੁਰੱਖਿਆ ਜੋਖਮ ਦੇ ਖਤਰਿਆਂ ਨੂੰ ਭਾਪ ਕੇ ਸਰਕਾਰ ਪਿੱਛੇ ਹਟ ਗਈ।
ਅਮਰੀਕਾ ਦੇ ਕੁਝ ਸੀਨੀਅਰ ਅਧਿਕਾਰੀਆਂ ਨੇ ਰਾਸ਼ਟਰਪਤੀ ਜੋ ਬਾਇਡੇਨ ਨੂੰ ਸਲਾਹ ਦਿੱਤੀ ਕਿ ਇਸ ਬੈਲੂਨ ਦੇ ਸ਼ੂਟਡਾਊਨ ਤੋਂ ਬਚਿਆ ਜਾਵੇ ਕਿਉਂਕਿ ਇਸ ਦੇ ਨਸ਼ਟ ਹੋਣ ‘ਤੇ ਡਿਗਣ ਵਾਲੇ ਮਲਬੇ ਤੋਂ ਸੁਰੱਖਿਆ ਸਥਿਤੀ ਖਤਰੇ ਵਿਚ ਪੈ ਸਕਦੀ ਹੈ। ਅਮਰੀਕਾ ਦੇ ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਸਾਫ ਹੈ ਕਿ ਇਸ ਬੈਲੂਨ ਦਾ ਇਸਤੇਮਾਲ ਜਾਸੂਸੀ ਲਈ ਕੀਤਾ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਤਾਇਵਾਨ ਮਾਮਲੇ ਨੂੰ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਤੇ ਅਮਰੀਕਾ ਵਿਚ ਸਬੰਧ ਤਣਾਅਪੂਰਨ ਬਣੇ ਹੋਏ ਹਨ। ਦਰਅਸਲ ਅਮਰੀਕਾ, ਤਾਇਵਾਨ ਵਿਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਤੇ ਦੱਖਣ ਚੀਨ ਸਾਗਰ ਵਿਚ ਚੀਨ ਦੀ ਫੌਜੀ ਗਤੀਵਿਧੀਆਂ ਦੀ ਨਿੰਦਾ ਕਰਦਾ ਆ ਰਿਹਾ ਹੈ।
ਅਮਰੀਕਾ ਬੀਤੇ ਕੁਝ ਦਿਨਾਂ ਤੋਂ ਅਮਰੀਕੀ ਹਵਾਈ ਖੇਤਰ ਵਿਚ ਦੇਖੇ ਜਾ ਰਹੇ ਇਸ ਬੈਲੂਨ ਨੂੰ ਟਰੈਕ ਕਰ ਰਿਹਾ ਹੈ। ਅਮਰੀਕੀ ਫੌਜ ਜਹਾਜ਼ਾਂ ਜ਼ਰੀਏ ਇਸ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਹੁਣ ਇਸ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹ ਬੈਲੂਨ ਕਿੰਨੀ ਉਚਾਈ ‘ਤੇ ਉਡ ਰਿਹਾ ਹੈ ਪਰ ਇਹ ਸਵੀਕਾਰ ਕੀਤਾ ਹੈ ਕਿ ਇਹ ਨਾਗਰਿਕ ਹਵਾਈ ਆਵਾਜਾਈ ਤੋਂ ਉਪਰ ਉਡ ਰਿਹਾ ਹੈ।