1 ਫਰਵਰੀ 2023-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਪ੍ਰੋਟੋਕਾਲ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਬਰਾਬਰ ਬੁਲਾਈ ਗਈ ਬੈਠਕ ਮੁਲਤਵੀ ਕਰ ਦਿੱਤੀ ਹੈ , ਜਿਸ ਕਾਰਨ ਅਫ਼ਸਰਸ਼ਾਹੀ ਨੇ ਰਾਹਤ ਦਾ ਸਾਹ ਲਿਆ ਹੈ। ਕਾਬਿਲੇ ਗ਼ੌਰ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਪਹਿਲੀ ਫਰਵਰੀ ਤੋਂ ਸਰਹੱਦੀ ਜ਼ਿਲ੍ਹਿਆਂ ਦਾ ਦੋ ਦਿਨਾ ਦੌਰਾ ਰੱਖ ਲਿਆ ਸੀ, ਜਿਸ ਬਾਰੇ ਉਨ੍ਹਾਂ ਨੇ 24 ਜਨਵਰੀ ਨੂੰ ਹੀ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ। ਇਕ ਫਰਵਰੀ ਨੂੰ ਹੀ ਮੁੱਖ ਮੰਤਰੀ ਨੇ ਵੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਦੀ ਮੀਟਿੰਗ ਚੰਡੀਗੜ੍ਹ ’ਚ ਬੁਲਾ ਲਈ ਹੈ। ਇਸ ਹਾਲਤ ’ਚ ਅਧਿਕਾਰੀ ਕਿਸ ਬੈਠਕ ’ਚ ਸ਼ਾਮਿਲ ਹੋਣ ਇਸ ਲਈ ਇਸ ਬਾਰੇ ਪਰੇਸ਼ਾਨੀ ਖੜ੍ਹੀ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਰਾਜਪਾਲ ਤੇ ਮੁੱਖ ਮੰਤਰੀ ਵਿਚਕਾਰ ਇਕ ਵਾਰ ਫਿਰ ਤੋਂ ਟਕਰਾਅ ਦੇ ਆਸਾਰ ਉਸ ਤਰ੍ਹਾਂ ਦੇ ਬਣਨਗੇ ਜਿਸ ਤਰ੍ਹਾਂ ਪਹਿਲਾਂ ਦੋ ਯੂਨੀਵਰਸਿਟੀਆਂ ਦੇ ਵੀਸੀ ਲਗਾਉਣ, ਚੰਡੀਗੜ੍ਹ ’ਚ ਐੱਸਐੱਸਪੀ ਲਗਾਉਣ ਤੇ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਦੇ ਮਾਮਲੇ ’ਚ ਹੋਇਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਇਸ ਵਾਰ ਵਿਵਾਦ ਖੜ੍ਹਾ ਕਰਨ ਦੇ ਮੂਡ ’ਚ ਨਜ਼ਰ ਨਹੀਂ ਆਏ ਤੇ ਰਾਜਪਾਲ ਦੇ ਪ੍ਰੋਟੋਕਾਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੀ ਬੈਠਕ ਦੋ ਦਿਨ ਲਈ ਟਾਲ ਕੇ ਤਿੰਨ ਫਰਵਰੀ ਨੂੰ ਕਰ ਲਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹਿਲੀ ਫਰਵਰੀ ਨੂੰ ਆਪਣੇ ਦੋ ਦਿਨਾ ਦੌਰੇ ’ਤੇ ਸਰਹੱਦੀ ਜ਼ਿਲ੍ਹਿਆਂ ’ਚ ਜਾ ਰਹੇ ਹਨ। ਉਹ ਬੁੱਧਵਾਰ ਨੂੰ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਾਂ ਦਾ ਦੌਰਾ ਕਰਨ ਤੇ ਵੀਰਵਾਰ ਨੂੰ ਉਹ ਫਾਜ਼ਿਲਕਾ, ਫਿਰੋਜ਼ਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਦੌਰੇ ’ਤੇ ਰਹਿਣਗੇ। ਉਨ੍ਹਾਂ ਨਾਲ ਮੁੱਖ ਸਕੱਤਰ ਵੀਕੇ ਜੰਜੂ ਤੇ ਡੀਜੀਪੀ ਗੌਰਵ ਯਾਦਵ ਵੀ ਨਾਲ ਰਹਿਣਗੇ।