31 ਜਨਵਰੀ- ਅਮਰੀਕਾ ਵਿਚ ਗੋਲੀਬਾਰੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਫਲੋਰੀਡਾ ਵਿੱਚ ਬੀਤੇ ਸੋਮਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਵਿੱਚ 10 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ, ਇਹ ਘਟਨਾ ਫਲੋਰੀਡਾ ਦੇ ਲੇਕ ਲੈਂਡ ਇਲਾਕੇ ‘ਚ ਵਾਪਰੀ ਹੈ। ਪੁਲਿਸ ਮੁਖੀ ਸੈਮ ਟੇਲਰ ਮੁਤਾਬਕ ਹਮਲਾਵਰ ਗੂੜ੍ਹੇ ਨੀਲੇ ਰੰਗ ਦੀ ਕਾਰ ‘ਚ ਆਏ ਸਨ। ਪੁਲਿਸ ਅਨੁਸਾਰ ਹਮਲਾਵਰਾਂ ਨੇ ਮੌਕੇ ‘ਤੇ ਪਹੁੰਚ ਕੇ ਸਿਰਫ਼ ਗੱਡੀ ਦੀ ਰਫ਼ਤਾਰ ਘਟਾਈ ਤੇ ਗੱਡੀ ਦੀਆਂ ਚਾਰੇ ਖਿੜਕੀਆਂ ਖੋਲ੍ਹ ਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਵਿਚ ਦੋ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਵਾਹਨ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਕੁਝ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ। ਐਮਰਜੈਂਸੀ ਸੇਵਾਵਾਂ ਵੱਲੋਂ ਸਿਰਫ਼ ਤਿੰਨ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਉਮਰ 20 ਤੋਂ 35 ਸਾਲ ਦਰਮਿਆਨ ਹੈ। ਉਨ੍ਹਾਂ ਦੇ ਪੇਟ ਅਤੇ ਚਿਹਰੇ ‘ਤੇ ਗੋਲੀਆਂ ਲੱਗੀਆਂ ਹਨ। ਗੋਲੀਬਾਰੀ ਤੋਂ ਇੱਕ ਮਿੰਟ ਪਹਿਲਾਂ ਹੀ ਸਕੂਲ ਬੱਸ ਨੇ ਬੱਚਿਆਂ ਨੂੰ ਉੱਥੇ ਉਤਾਰ ਦਿੱਤਾ ਸੀ। ਜੇਕਰ ਇਹ ਘਟਨਾ ਕੁਝ ਸਮਾਂ ਪਹਿਲਾਂ ਵਾਪਰੀ ਹੁੰਦੀ ਤਾਂ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਪੈਦਾ ਹੋ ਸਕਦਾ ਸੀ।