26 ਜਨਵਰੀ- ਅਮਰੀਕਾ ਵਿੱਚ ਸਾਊਥ ਲੇਕ ਯੂਨੀਅਨ ਵਿੱਚ ਸੀਏਟਲ ਪੁਲਿਸ ਦੇ ਗਸ਼ਤ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਭਾਰਤੀ ਵਾਸੀ 23 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਸੀਏਟਲ ਪੁਲਿਸ ਵਿਭਾਗ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ । ਸੋਮਵਾਰ ਰਾਤ ਨੂੰ ਪੁਲਿਸ ਦੇ ਗਸ਼ਤ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੀੜਤ ਨੂੰ ਗੰਭੀਰ ਹਾਲਤ ਵਿੱਚ ਹਾਰਬਰਵਿਊ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ । ਮੀਡੀਆ ਰਿਪੋਰਟ ਮੁਤਾਬਕ ਕਿੰਗ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵੱਲੋਂ ਮ੍ਰਿਤਕ ਲੜਕੀ ਦੀ ਪਛਾਣ ਜਾਨ੍ਹਵੀ ਕੰਦੂਲਾ ਵਜੋਂ ਕੀਤੀ ਗਈ ਹੈ। ਦੱਸ ਦੇਈਏ ਕਿ ਜਾਨ੍ਹਵੀ ਕੰਦੂਲਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਮ੍ਰਿਤਕ ਲੜਕੀ ਸਾਊਥ ਲੇਕ ਯੂਨੀਅਨ ਵਿੱਚ ਨੌਰਥ-ਈਸਟਰਨ ਯੂਨੀਵਰਸਿਟੀ ਕੈਂਪਸ ਦੀ ਵਿਦਿਆਰਥਣ ਸੀ ਅਤੇ ਇਸ ਸਾਲ ਦਸੰਬਰ ਵਿੱਚ ਸੂਚਨਾ ਪ੍ਰਣਾਲੀ ਵਿੱਚ ਮਾਸਟਰ ਦੀ ਡਿਗਰੀ ਹਾਸਿਲ ਕਰਨ ਵਾਲੀ ਸੀ।