25 ਜਨਵਰੀ- ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ, ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਸੰਧੂ, ਜੋਗਿੰਦਰ ਚਾਹਲ ਅਤੇ ਦਫ਼ਤਰ ਮਾਰਕਿਟ ਕਮੇਟੀ ਦੀ ਟੀਮ ਵੱਲੋਂ ਸਬਜ਼ੀ ਮੰਡੀ ਮਾਲੇਰਕੋਟਲਾ ਨੂੰ ਸਾਫ਼ ਸੁਥਰੇ ਫਲ ਅਤੇ ਸਬਜ਼ੀ ਮਾਰਕਿਟ ਬਣਾਉਣ ਲਈ ਨਿਰੀਖਣ ਕੀਤਾ ਗਿਆ ਅਤੇ ਸਾਰੇ ਫਲ ਅਤੇ ਸਬਜ਼ੀ ਵਿਕ੍ਰੇਤਾਵਾਂ ਨੂੰ ਫੂਡ ਸੇਫ਼ਟੀ ਐਕਟ ਅਧੀਨ ਲਾਇਸੰਸ/ ਰਜਿਸਟ੍ਰੇਸ਼ਨ ਬਣਾਉਣ, ਫਾਸਟ ਟੀਚਿੰਗ ਲੈਣ ਅਤੇ ਆਪਣੇ ਕੰਮ ਵਾਲੇ ਸਥਾਨ ਤੇ ਸਾਫ਼-ਸਫ਼ਾਈ ਰੱਖਣ ਬਾਰੇ ਦੱਸਿਆ। ਕਮਿਸ਼ਨਰ ਫੂਡ ਸੇਫ਼ਟੀ ਪੰਜਾਬ ਅਭਿਨਵ ਤਿ੍ਖਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੀ ਅਗਵਾਈ ਵਿੱਚ ਸਥਾਨਕ ਸਬਜ਼ੀ ਮੰਡੀ ਨੂੰ ਸਾਫ਼ ਸੁਥਰੇ ਫਲ ਅਤੇ ਸਬਜ਼ੀ ਮਾਰਕਿਟ ਬਣਾਉਣ ਲਈ ਚੁਣਿਆ ਗਿਆ ਹੈ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਸ਼ੁੱਧ ਅਤੇ ਸਾਫ਼-ਸੁਥਰੀਆਂ ਸਬਜ਼ੀਆਂ ਮਿਲ ਸਕਣ।
ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ ਨੇ ਸਮੂਹ ਫਲ ਅਤੇ ਸਬਜ਼ੀ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਵਿਭਾਗ ਵੱਲੋਂ ਲਗਾਏ ਜਾਗਰੂਕਤਾ ਮੁਹਿੰਮ ਵਿਚ ਫੂਡ ਸੇਫ਼ਟੀ ਐਕਟ ਅਧੀਨ ਲਾਇਸੰਸ/ ਰਜਿਸਟ੍ਰੇਸ਼ਨ ਬਣਾਉਣ ਲਈ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਸਬਜ਼ੀ ਵੇਚਣ ਵਾਲੀ ਜਗ੍ਹਾ ਦੀ ਸਾਫ਼-ਸਫ਼ਾਈ ਰੱਖਣ| ਇਸ ਮੌਕੇ ਸਮੂਹ ਵਿਕ੍ਰੇਤਾਵਾਂ ਨੇ ਸਬਜ਼ੀ ਮੰਡੀ ਵਿੱਚ ਸਾਫ਼-ਸਫ਼ਾਈ ਰੱਖਣ ਦਾ ਭਰੋਸਾ ਦਿਵਾਇਆ।