-26 ਜਨਵਰੀ ਨੂੰ ਹਰ ਹਾਲ ਪ੍ਰਦਰਸ਼ਨ ਕਰਨ ਦਾ ਐਲਾਨ
ਬਠਿੰਡਾ, 24 ਜਨਵਰੀ (ਵੀਰਪਾਲ ਕੌਰ ) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਮੰਗਾਂ ਦੇ ਹੱਲ ਲਈ ਰੱਖੀਆਂ ਮੀਟਿੰਗਾਂ ਵਿੱਚ ਵਾਰ – ਵਾਰ ਹਾਜ਼ਰ ਨਾ ਹੋਣ ਦੇ ਵਿਰੋਧ ਚ ਮਜ਼ਦੂਰ ਜਥੇਬੰਦੀਆਂ ਦੁਆਰਾ 26 ਜਨਵਰੀ ਨੂੰ ਬਠਿੰਡਾ ਵਿਖੇ ਝੰਡਾ ਲਹਿਰਾਉਣ ਲਈ ਪਹੁੰਚ ਰਹੇ ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਦੇ ਉਲੀਕੇ ਪ੍ਰੋਗਰਾਮ ਨੂੰ ਸਾਬੋਤਾਜ ਕਰਨ ਲਈ ਬਠਿੰਡਾ ਪੁਲਿਸ ਵੱਲੋਂ ਮਜ਼ਦੂਰ ਆਗੂਆਂ ਨੂੰ ਦਬੋਚਣ ਲਈ ਵਰਤੇ ਜਾ ਰਹੇ ਹੱਥਕੰਡਿਆਂ ਦੀ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਲਛਮਣ ਸਿੰਘ ਸੇਵੇਵਾਲਾ,ਮਹੀਪਾਲ, ਕੁਲਵੰਤ ਸਿੰਘ ਸੇਲਬਰਾਹ,ਅਮੀ ਚੰਦ, ਹਰਵਿੰਦਰ ਸਿੰਘ ਸੇਮਾਂ ,ਸੁਖਪਾਲ ਸਿੰਘ ਖਿਆਲੀਵਾਲਾ ਅਤੇ ਸੁਰਜੀਤ ਸਿੰਘ ਸਰਦਾਰਗੜ੍ਹ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਮਜ਼ਦੂਰ ਆਗੂਆਂ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦੀ ਕੋਟੜਾ ਕੋਟੜਾ ਵਿਖੇ ਰਿਹਾਇਸ਼ ਉਤੇ ਛਾਪਾ ਮਾਰਿਆ ਗਿਆ। ਉਹਨਾਂ ਆਖਿਆ ਕਿ ਭਗਵੰਤ ਮਾਨ ਵੀ ਪਹਿਲੀਆਂ ਕਾਂਗਰਸੀ ਤੇ ਅਕਾਲੀ ਸਰਕਾਰਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਮਜ਼ਦੂਰ ਜਥੇਬੰਦੀਆਂ ਨਾਲ਼ ਬੈਠ ਕੇ ਮਜ਼ਦੂਰ ਮਸਲੇ ਹੱਲ ਕਰਨ ਦੀ ਥਾਂ ਮਜ਼ਦੂਰਾਂ ਦੀ ਹੱਕੀ ਅਵਾਜ਼ ਨੂੰ ਪੁਲਿਸ ਜ਼ਬਰ ਦੇ ਜ਼ੋਰ ਦਬਾਉਣ ਦੇ ਰਾਹ ਤੁਰ ਪਏ ਹਨ। ਉਹਨਾਂ ਆਖਿਆ ਕਿ ਇੱਕ ਪਾਸੇ ਕੁੱਝ ਪੁਲਿਸ ਅਧਿਕਾਰੀਆਂ ਵੱਲੋਂ ਮਜ਼ਦੂਰ ਆਗੂਆਂ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀਆਂ ਗੱਲਾਂ ਰਾਹੀਂ ਭੁਚਲਾਉਣ ਦੇ ਹੱਥ ਕੰਡੇ ਵਰਤੇ ਜਾ ਰਹੇ ਤੇ ਦੂਜੇ ਪਾਸੇ ਪੁਲਿਸ ਛਾਪੇ ਮਾਰੇ ਜਾ ਰਹੇ ਹਨ।ਉਹਨਾਂ ਐਲਾਨ ਕੀਤਾ ਪੁਲਿਸ ਸਖਤੀ ਦੇ ਬਾਵਜੂਦ ਮਜ਼ਦੂਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਵਾਅਦਾ ਖਿਲਾਫੀ ਵਿਰੁੱਧ 26 ਜਨਵਰੀ ਮੁੱਖ ਮੰਤਰੀ ਖਿਲਾਫ ਹਰ ਹਾਲ ਕਾਲ਼ੇ ਝੰਡਿਆਂ ਨਾਲ ਪ੍ਰਦਸ਼ਰਨ ਕੀਤਾ ਜਾਵੇਗਾ।