5 ਜਨਵਰੀ 2023-ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ । ਇਸ ਦੇ ਨਾਲ ਹੀ ਉਸ ਨੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਨੈਸ਼ਨਲ ਰਿਕਾਰਡ ਵੀ ਕਾਇਮ ਕੀਤਾ ਹੈ । ਦਰਅਸਲ, ਤਮਿਲਨਾਡੂ ਵਿੱਚ ਚੱਲ ਰਹੀ ਚੈਂਪੀਅਨਸ਼ਿਪ ਦੇ 7ਵੇਂ ਦਿਨ ਹੋਏ ਮੁਕਾਬਲਿਆਂ ਵਿੱਚ ਹਰਜਿੰਦਰ ਕੌਰ ਨੇ 71 ਕਿੱਲੋ ਵਰਗ ਵਿੱਚ ਕੁੱਲ 214 ਕਿੱਲੋ ਭਾਰ ਚੁੱਕਿਆ। ਉਸ ਨੇ 91 ਕਿੱਲੋ ਸਨੈਚ ਅਤੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ।

ਇਸ ਦੇ ਨਾਲ ਹੀ ਹਰਜਿੰਦਰ ਕੌਰ 71 ਕਿੱਲੋ ਭਾਰ ਵਰਗ ਵਿੱਚ 123 ਕਲੀਨ ਜਰਕ ਕਿੱਲੋ ਭਾਰ ਚੁੱਕਣ ਵਾਲੀ ਪਹਿਲੀ ਵੇਟਲਿਫਟਰ ਬਣ ਗਈ ਹੈ। ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਹਰਜਿੰਦਰ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਖੇਡ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ”ਸਾਡੇ ਪੰਜਾਬ ਦੀ ਮਾਣਮੱਤੀ ਧੀ ਹਰਜਿੰਦਰ ਕੌਰ ਨੇ ਅੱਜ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 71 ਕਿੱਲੋ ਵਰਗ ਵਿਚ ਕੁੱਲ੍ਹ 214 ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ। ਹਰਜਿੰਦਰ ਨੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ। ਸਾਡੀ ਹੋਣਹਾਰ ਵੇਟਲਿਫਟਰ ਨੂੰ ਇਸ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਾਂ।”