27 ਦਸੰਬਰ 2022-ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਖੁਦ ਨੂੰ ਕੁਆਰਾ ਦੱਸ ਕੇ 23 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ| ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪਟਿਆਲਾ ਦੀ ਰਹਿਣ ਵਾਲੀ 23 ਸਾਲਾ ਲੜਕੀ ਦੇ ਬਿਆਨ ਤੇ ਪਿੰਡ ਬਗੋਰਾ ਦੇ ਰਹਿਣ ਵਾਲੇ ਗੁਰਲਾਲ ਸਿੰਘ ਮੱਲ ਦੇ ਖ਼ਿਲਾਫ਼ ਧੋਖਾਧੜੀ , ਜਬਰ ਜਨਾਹ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ| ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜਦੀ ਸੀ, ਇਸੇ ਦੌਰਾਨ ਉਸ ਦੀ ਮੁਲਾਕਾਤ ਗੁਰਲਾਲ ਸਿੰਘ ਮੱਲ ਨਾਲ ਹੋਈ, ਜਿਸਨੇ ਖੁਦ ਨੂੰ ਕੁਆਰਾ ਦੱਸਿਆ ਅਤੇ ਉਸ ਨਾਲ ਜਲਦੀ ਹੀ ਵਿਆਹ ਕਰਵਾਉਣ ਦੀ ਗੱਲ ਕਹੀ। ਲੜਕੀ ਨੇ ਦੱਸਿਆ ਕਿ ਵਿਆਹ ਕਰਵਾਉਣ ਦੀ ਗੱਲ ਕਹਿ ਕੇ ਉਕਤ ਦੋਸ਼ੀ ਉਸਨੂੰ 22 ਅਪ੍ਰੈਲ ਨੂੰ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਪੈਂਦੇ ਰੋਇਲ ਮੈਪਲ ਹੋਟਲ ਲਿਜਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਕੁਝ ਸਮੇਂ ਬਾਅਦ ਲੜਕੀ ਨੂੰ ਪਤਾ ਲੱਗਾ ਕਿ ਮੁਲਜ਼ਮ ਗੁਰਲਾਲ ਸਿੰਘ ਮੱਲ ਸ਼ਾਦੀਸ਼ੁਦਾ ਹੈ| ਇਸ ਸਬੰਧੀ ਉਸ ਨੇ 15 ਜੂਨ ਨੂੰ ਉਹ ਪੁਲਿਸ ਨੂੰ ਸ਼ਿਕਾਇਤ ਦਿੱਤੀ| ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਫਤੀਸ਼ ਤੋਂ ਬਾਅਦ ਗੁਰਲਾਲ ਸਿੰਘ ਮੱਲ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ| ਪੁਲਿਸ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਵੇਗੀ|