ਬਠਿੰਡਾ, 23 ਨਵੰਬਰ – ਪਹਿਲੀ ਪਾਤਸ਼ਹੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਸਰਕਾਰੀ ਆਈ.ਟੀ.ਆਈ. ਵਿਖੇ ਸਮੂਹ ਸਟਾਫ ਅਤੇ ਸਿਖਿਆਰਥੀਆਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹੋਏ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਸੰਸਥਾ ਦੇ ਸਿਖਿਆਰਥੀਆਂ ਵੱਲੋਂ ਹਰਜਸ ਕੀਰਤਨ ਕੀਤਾ ਗਿਆ।
ਸਮਾਗਮ ਦੌਰਾਨ ਭਾਈ ਸਾਹਿਬ ਭਾਈ ਪੰਥਪ੍ਰੀਤ ਸਿੰਘ ਖਾਲਸਾ (ਭਾਈ ਬਖਤੌਰ ਵਾਲੇ) ਵੱਲੋਂ ਸਿਖਿਆਰਥੀਆਂ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਖਿਆਵਾਂ, ਨਸ਼ਿਆਂ ਤੋਂ ਬਚਾਅ ਅਤੇ ਹੋਰ ਸਮਾਜਿਕ ਕੁਰੀਤੀਆਂ ਬਾਰੇ ਗੁਰਮਤਿ ਵਿਚਾਰਾਂ ਕੀਤੀਆਂ ਅਤੇ ਗੁਰਬਾਣੀ ਅਨੁਸਾਰ ਆਪਣੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਲਈ ਕਈ ਨੁਕਤੇ ਸਾਂਝੇ ਕੀਤੇ ਗਏ।
ਇਸ ਮੌਕੇ ਆਈ.ਐਮ.ਸੀ ਚੇਅਰਮੈਨ ਮੰਗੂ ਰਾਮ ਮਿੱਤਲ, ਪ੍ਰਿੰਸੀਪਲ ਗੁਰਪ੍ਰੀਤ ਕੌਰ ਗਿੱਲ, ਸਮੂਹ ਸਟਾਫ ਅਤੇ ਸਿਖਿਆਰਥੀਆਂ ਆਦਿ ਹਾਜ਼ਰ ਰਹੇ।