ਚੰਡੀਗੜ੍ਹ, 1 ਨਵੰਬਰ – ਸੁਪਰੀਮ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਦੇ ਵਿਵਾਦ ਦੇ ਸੰਬੰਧ ’ਚ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਡਾ. ਦਲਜੀਤ ਚੀਮਾ ਦੇ ਖ਼ਿਲਾਫ਼ ਹੁਸ਼ਿਆਰਪੁਰ ਦੀ ਅਦਾਲਤ ਵਿਚ ਦਾਇਰ ਕੀਤੇ ਜਾਅਲਸਾਜ਼ੀ ਤੇ ਧੋਖਾਧੜੀ ਦੇ ਕੇਸ ਦੀ ਸੁਣਵਾਈ ’ਤੇ ਰੋਕ ਲਗਾ ਦਿੱਤੀ ਹੈ। ਹੁਸ਼ਿਆਰਪੁਰ ਵਾਸੀ ਬਲਵੰਤ ਸਿੰਘ ਖੇੜਾ ਨੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ 2009 ਵਿਚ ਫ਼ੌਜਦਾਰੀ ਕੇਸ ਦਾਇਰ ਕਰ ਕੇ ਅਕਾਲੀ ਦਲ ਦੇ ਦੋ ਸੰਵਿਧਾਨ ਰੱਖਣ ਦੇ ਦੋਸ਼ ਲਗਾਏ ਸਨ ਤੇ ਕਿਹਾ ਸੀ ਕਿ ਗੁਰਦੁਆਰਾ ਚੋਣ ਕਮਿਸ਼ਨ ਕੋਲ ਵੱਖਰਾ ਸੰਵਿਧਾਨ ਹੈ ਅਤੇ ਭਾਰਤੀ ਚੋਣ ਕਮਿਸ਼ਨ ਕੋਲੋਂ ਮਾਨਤਾ ਲੈਣ ਲਈ ਵੱਖਰਾ ਸੰਵਿਧਾਨ ਪੇਸ਼ ਕੀਤਾ ਗਿਆ ਤੇ ਹਲਫੀਆ ਬਿਆਨ ਦਿੱਤਾ ਗਿਆ ਕਿ ਪਾਰਟੀ ਸੰਵਿਧਾਨ ਵਿਚ ਅੰਕਿਤ ਧਰਮ ਨਿਰਪੱਖਤਾ ਦੇ ਸਿਧਾਂਤਾਂ ਦੀ ਪਾਲਣਾ ਕਰੇਗੀ ,ਜਦੋਂ ਕਿ ਇਸ ਵਲੋਂ ਧਾਰਮਿਕ ਪਾਰਟੀ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਂਦੀਆਂ ਹਨ।