ਜ਼ਿਲ੍ਹਾ ਪੱਧਰੀ ਖੇਡਾਂ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ
ਸਟੇਟ ਪੱਧਰੀ ਖੇਡਾਂ ਲਈ ਟਰਾਇਲ 23 ਸਤੰਬਰ ਤੋਂ
ਫਾਜ਼ਿਲਕਾ, 22 ਸਤੰਬਰ – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਲੜਕੇ/ਲੜਕੀਆਂ ਦੇ ਫਾਜ਼ਿਲਕਾ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਆਪਣੀਆਂ ਅਮਿੱਟ ਯਾਦਾ ਛੱਡਦੇ ਹੋਏ ਸਮਾਪਤ ਹੋ ਗਏ। ਖੇਡ ਮੁਕਾਬਿਲਆਂ ਦੀ ਸਮਾਪਤੀ ਮੌਕੇ ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨਹਿਰੂ ਸਟੇਡੀਅਮ ਬੈਡਮਿੰਟਨ ਹਾਲ ਅਬੋਹਰ ਵਿਖੇ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।
ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆ ਆਖਿਆ ਕਿ ਖੇਡਾਂ ਸਾਡੀ ਜਿੰਦਗੀ ਦਾ ਇੱਕ ਮਹੱਤਵਪੂਰਨ ਅੰਗ ਹਨ, ਖੇਡਾਂ ਨਾਲ ਜਿੱਥੇ ਇੱਕ ਇਨਸਾਨ ਆਪਣੀ ਸਰੀਰਕ ਤੰਦਰੁਸਤੀ ਨੂੰ ਪ੍ਰਾਪਤ ਕਰਦਾ ਹੈ ਉਥੇ ਅਨੁਸ਼ਾਸ਼ਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਵੀ ਵਿਅਕਤੀ ਅੰਦਰ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਇਨਸਾਨ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਇੱਕ ਚੰਗਾ ਸਮਾਜ ਸਿਰਜਣ ਵੱਲ ਲੈ ਕੇ ਜਾਂਦੀਆਂ ਹਨ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਖੇਤਰ ਨਾਲ ਜੁੜਣ ਦੀ ਪ੍ਰੇਰਨਾ ਵੀ ਦਿੱਤੀ ਅਤੇ ਨਸ਼ਿਆ ਵਰਗੀਆਂ ਭੈੜੀਆਂ ਕੁਰੀਤੀਆਂ ਤੋਂ ਦੂਰ ਰਹਿਣ ਲਈ ਵੀ ਖੇਡਾਂ ਨੂੰ ਵੱਧ ਤੋਂ ਵੱਧ ਮਹੱਤਤਾ ਦੇਣ ਦੀ ਗੱਲ ਆਖੀ।
ਜਿਲ੍ਹਾ ਖੇਡ ਅਫਸਰ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੀਆਂ ਇਨ੍ਹਾਂ ਖੇਡਾਂ ਦੀ ਸਮਾਪਤੀ ਨਾਲ ਜ਼ਿਲ੍ਹਾ ਪੱਧਰੀ ਖੇਡਾਂ ਸਮਾਪਤ ਹੋ ਗਈਆਂ ਅਤੇ ਹੁਣ ਰਾਜ ਪੱਧਰੀ ਖੇਡਾਂ ਮਿਤੀ 10 ਅਕਤੂਬਰ 2022 ਤੋਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਕਰਵਾਈਆਂ ਜਾਣਗੀਆਂ ਜਿਨ੍ਹਾ ਦੀਆਂ ਮਿਤੀਆਂ ਵਿਭਾਗ ਵੱਲੋਂ ਜਲਦ ਹੀ ਜਾਰੀ ਕੀਤੀਆਂ ਜਾਣਗੀਆਂ।
ਉਨ੍ਹਾਂ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਲਈ ਜ਼ਿਲ੍ਹਾ ਪੱਧਰ ਤੇ ਖੇਡਾਂ ਦੇ ਟਰਾਇਲ ਕਰਵਾਏ ਜਾ ਰਹੇ ਹਨ ਇਹ ਉਹ ਖੇਡਾਂ ਹਨ ਜੋ ਜਿਲ੍ਹਾ ਪੱਧਰ ਤੇ ਨਹੀਂ ਕਰਵਾਈਆਂ ਗਈਆਂ ਸਨ। ਉਨ੍ਹਾ ਦੱਸਿਆ ਕਿ ਪਹਿਲਾਂ ਦਿੱਤੇ ਗਏ ਟਰਾਇਲਾਂ ਦੇ ਸ਼ਡੀਊਲ ਵਿੱਚ ਆਰਚਰੀ ਗੇਮ ਵੀ ਸ਼ਾਮਿਲ ਕੀਤੀ ਗਈ ਹੈ ਅਤੇ ਇਸ ਗੇਮ ਦੇ ਅੰਡਰ 14, 17, 21, 21 ਤੋਂ 40 ਖਿਡਾਰੀ/ਖਿਡਾਰਨਾਂ ਦੇ ਟਰਾਇਲ ਮਿਤੀ 25 ਸਤੰਬਰ 2022 ਨੂੰ ਸਰਕਾਰੀ ਸੀਨੀ. ਸਕੈਂ. ਸਕੂਲ (ਲੜਕੇ) ਅਬੋਹਰ ਵਿਖੇ ਕਰਵਾਏ ਜਾਣਗੇ ਅਤੇ ਸਬੰਧਤ ਖਿਡਾਰੀ ਠੀਕ 9 ਵਜੇ ਉਕਤ ਸਥਾਨ ਤੇ ਪਹੁੰਚਣ।
ਉਨ੍ਹਾ ਦੱਸਿਆ ਕਿ ਇਨ੍ਹਾਂ ਟਰਾਇਲਾ ਵਿੱਚ ਚੁਣੇ ਗਏ ਖਿਡਾਰੀ 10 ਅਕਤੂਬਰ ਤੋਂ ਹੋ ਰਹੇ ਸਟੇਟ ਪੱਧਰ ਟੂਰਨਾਮੈਂਟ ਖੇਡਣ ਲਈ ਜਾਣਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਹਰਪਿੰਦਰਜੀਤ ਸਿੰਘ ਕੁਸ਼ਤੀ ਕੋਚ, ਹਰਕਮਲਜੀਤ ਸਿੰਘ ਬੈਡਮਿੰਟਨ ਕੋਚ, ਪਰਵਿੰਦਰ ਸਿੰਘ ਆਰਚਰੀ ਕੋਚ ਅਤੇ ਭੁਪਿੰਦਰ ਸਿੰਘ ਕੁਸ਼ਤੀ ਕੋਚ ਵੀ ਹਾਜ਼ਰ ਸਨ।