ਸ਼੍ਰੀ ਮੁਕਤਸਰ ਸਾਹਿਬ, 1 ਅਗਸਤ – ਪਿੰਡ ਰਣਜੀਤਗੜ੍ਹ ‘ਚ ਇਕ ਸਿਪਾਹੀ ਨੇ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਕਾਰਨ ਆਪਣੇ ਪਿਤਾ ਅਤੇ ਮਾਂ ਨਾਲ ਮਿਲ ਕੇ 10 ਮਹੀਨੇ ਦੀ ਮਾਸੂਮ ਧੀ ਨੂੰ ਫ਼ਰਸ਼ ‘ਤੇ ਸੁੱਟ ਦਿੱਤਾ। ਅੰਬਾਲਾ ‘ਚ ਤਾਇਨਾਤ ਸਿਪਾਹੀ ਮੌਕੇ ਤੋਂ ਫਰਾਰ ਹੋ ਗਿਆ ਹੈ, ਜਦਕਿ ਉਸ ਦੇ ਪਿਤਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਥਾਣਾ ਸਦਰ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਸਿਪਾਹੀ, ਉਸ ਦੇ ਪਿਤਾ ਤੇ ਮਾਤਾ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਸਿਪਾਹੀ ਸਤਨਾਮ ਸਿੰਘ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਪਿੰਡ ਲੱਖੋਕੇ ਬਹਿਰਾਮ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਇਸ ਦਾ ਪਤੀ ਸਿਪਾਹੀ, ਉਸ ਦੀ ਸੱਸ ਤੇ ਸਹੁਰਾ ਝਗੜਾ ਕਰਨ ਲੱਗੇ। ਉਹ ਉਸਦੇ ਚਰਿੱਤਰ ‘ਤੇ ਸ਼ੱਕ ਕਰਦੇ ਸਨ।
ਕੁਝ ਸਮੇਂ ਬਾਅਦ ਉਸ ਨੇ ਅਮਨਦੀਪ ਨੂੰ ਘਰੋਂ ਬਾਹਰ ਕੱਢ ਦਿੱਤਾ। ਉਹ ਉਸ ਸਮੇਂ ਗਰਭਵਤੀ ਸੀ। ਸਤਨਾਮ ਨੇ ਆਪਣੀ ਪਤਨੀ ਤੋਂ ਤਲਾਕ ਲਈ ਕੇਸ ਦਰਜ ਕਰਵਾਇਆ ਸੀ। ਦੂਜੇ ਪਾਸੇ ਅਮਨਦੀਪ ਨੇ ਸਤਨਾਮ ਦੀ ਸ਼ਿਕਾਇਤ ਫੌਜੀ ਅਧਿਕਾਰੀਆਂ ਨੂੰ ਕੀਤੀ। ਇਸ ਮਾਮਲੇ ਵਿੱਚ ਫੌਜ ਦੇ ਅਧਿਕਾਰੀਆਂ ਨੇ ਅੰਬਾਲਾ ਕੈਂਟ ਬੁਲਾ ਕੇ ਦੋਵਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਅਮਨਦੀਪ ਨੇ ਇਕ ਬੱਚੀ ਨੂੰ ਜਨਮ ਦਿੱਤਾ। ਉਨ੍ਹਾਂ ਨੇ ਲੜਕੀ ਦਾ ਨਾਂ ਰਹਿਮਤ ਕੌਰ ਰੱਖਿਆ ਪਰ ਵਿਵਾਦ ਅਜੇ ਵੀ ਬਰਕਰਾਰ ਹੈ।
12 ਜੁਲਾਈ ਨੂੰ ਫੌਜ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਫਿਰ ਬੁਲਾਇਆ ਅਤੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਹੁਕਮ ਦਿੱਤਾ ਕਿ ਉਹ ਦੋਵੇਂ 20 ਦਿਨ ਇਕੱਠੇ ਰਹਿਣ। ਇਸ ’ਤੇ ਸਿਪਾਹੀ ਸਤਨਾਮ ਅਮਨਦੀਪ ਕੌਰ ਨਾਲ ਪਿੰਡ ਆ ਗਿਆ। ਫਿਰ ਵੀ ਮੁਸੀਬਤ ਖ਼ਤਮ ਨਹੀਂ ਹੋਈ ਸੀ। ਸਹੁਰੇ ਵਾਲੇ ਬੱਚੇ ਨੂੰ ਕਿਸੇ ਹੋਰ ਦਾ ਬੱਚਾ ਸਮਝਦੇ ਰਹੇ। ਬੀਤੇ ਦਿਨ ਅਮਨਦੀਪ ਦੇ ਪਿਤਾ ਜਸਵਿੰਦਰ ਸਿੰਘ ਆਪਣੀ ਲੜਕੀ ਅਤੇ ਉਸ ਦੀ ਬੱਚੀ ਦੇ ਕੱਪੜੇ ਲੈਣ ਲਈ ਉਸ ਦੇ ਸੁਹਰੇ ਘਰ ਪਹੁੰਚੇ। ਜਦੋਂ ਉਹ ਆਏ ਤਾਂ ਕਲੇਸ਼ ਹੋਰ ਵਧ ਗਿਆ।
ਇਸ ਦੌਰਾਨ ਸੈਨਿਕ ਸਤਨਾਮ ਦੇ ਪਿਤਾ ਸੁਖਚੈਨ ਸਿੰਘ ਅਤੇ ਮਾਤਾ ਸਵਰਨ ਕੌਰ ਨੇ ਦੱਸਿਆ ਕਿ ਲੜਾਈ ਦੀ ਜੜ੍ਹ ਬੱਚੀ ਹੈ। ਇਸ ਨੂੰ ਖਤਮ ਕਰੋ ਮੁਸੀਬਤ ਆਪਣੇ ਆਪ ਖਤਮ ਹੋ ਜਾਵੇਗੀ। ਇਸ ’ਤੇ ਸਿਪਾਈ ਸਤਨਾਮ ਨੇ ਜ਼ਬਰਦਸਤੀ ਅਮਨਦੀਪ ਦੇ ਹੱਥੋਂ ਬੱਚੀ ਖੋਹ ਲਈ ਤੇ ਉਸ ਦੀਆਂ ਲੱਤਾਂ ਫੜ੍ਹ ਕੇ ਬੱਚੀ ਨੂੰ ਫਰਸ਼ ’ਤੇ ਪਟਕ ਦਿੱਤਾ। ਜਦੋਂ ਅਮਨਦੀਪ ਦੇ ਪਿਤਾ ਜਸਵਿੰਦਰ ਨੇ ਗਲੀ ਵਿੱਚ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਇਕੱਠੇ ਹੋ ਗਏ।
ਸਿਪਾਹੀ ਲੜਕੀ ਨੂੰ ਪ੍ਰਾਈਵੇਟ ਹਸਪਤਾਲ ਲੈ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਕਿਤੇ ਹੋਰ ਲਿਜਾਣ ਲਈ ਕਿਹਾ।ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਮ੍ਰਿਤਕ ਬੱਚੀ ਦਾ ਦਾਦਾ ਸੁਖਚੈਨ ਸਿੰਘ ਇਸ ਦੇ ਹੱਥ ਤੇ ਸੱਟ ਲੱਗੀ ਹੈ ਕਹਿ ਕੇ ਸਿਵਲ ਹਸਪਤਾਲ ਦਾਖਲ ਹੋ ਗਿਆ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਮਾਮਲੇ ਵਿੱਚ ਸਤਨਾਮ ਸਿੰਘ, ਉਸ ਦੇ ਪਿਤਾ ਸੁਖਚੈਨ ਸਿੰਘ ਅਤੇ ਮਾਤਾ ਸਵਰਨ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।