ਮੁੁਲਾਜ਼ਮਾਂ ਨੂੰ ਧਮਕਾਉਣ ਦੀ ਥਾਂ ਐੱਸਡੀਐੱਮ ਲਹਿਰਾ ਅਹੁਦੇ ਦੀ ਮਰਿਆਦਾ ਰੱਖਣ: ਅਧਿਆਪਕ ਜੱਥੇਬੰਦੀਆਂ
ਸੰਗਰੂਰ, 14 ਜੂਨ – ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੀ 12 ਜੂਨ ਦੀ ਲਹਿਰਾ ਵਿਖੇ ਹੋਈ ਰਿਹਰਸਲ ਦੇ ਦੌਰਾਨ ਐੱਸਡੀਐੱਮ ਲਹਿਰਾ ਵੱਲੋਂ ਡੀਟੀਐੱਫ ਦੇ ਸੂਬਾਈ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਤੇ ਬਿਨਾਂ ਕਿਸੇ ਗਲਤੀ ਤੋਂ ਪਰਚਾ ਕਰਨ ਦੀ ਧਮਕੀ ਦੇ ਖ਼ਿਲਾਫ਼ ਸੰਗਰੂਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਅਤੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਮਿਲਿਆ। ਇਸ ਮੌਕੇ ਸਮੂਹ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦੱਸਿਆ ਗਿਆ ਕਿ 12 ਜੂਨ ਨੂੰ ਲਹਿਰਾ ਵਿਖੇ ਲੋਕ ਸਭਾ ਜ਼ਿਮਨੀ ਚੋਣ ਦੀ ਪਹਿਲੀ ਰਿਹਰਸਲ ਮੌਕੇ ਐੱਸਡੀਐੱਮ ਲਹਿਰਾ ਦੁਆਰਾ ਕੋਈ ਸਮੱਸਿਆ ਸੰਬੰਧੀ ਪੁੱਛੇ ਜਾਣ ‘ਤੇ ਰਘਵੀਰ ਸਿੰਘ ਭਵਾਨੀਗੜ੍ਹ ਨੇ ਲਹਿਰਾ ਵਿਖੇ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਰਹੀਆਂ ਤਰੁੱਟੀਆਂ ਅਤੇ ਮਾੜੇ ਪ੍ਰਬੰਧਾਂ ਦਾ ਜਾਣੂ ਕਰਵਾਉਂਦਿਆਂ, ਇਸ ਵਾਰ ਉਨ੍ਹਾਂ ਤਰੁੱਟੀਆਂ ਨੂੰ ਦੂਰ ਕਰਕੇ, ਪੁਖ਼ਤਾ ਪ੍ਰਬੰਧ ਕਰਨ ਲਈ ਸਬੰਧੀ ਐੱਸਡੀਐੱਮ ਲਹਿਰਾ ਨੂੰ ਕਿਹਾ ਗਿਆ, ਜਿਸ ਤੇ ਖ਼ਫ਼ਾ ਹੁੰਦਿਆਂ ਐੱਸਡੀਐੱਮ ਲਹਿਰਾਂ ਨੇ ਰਘਵੀਰ ਸਿੰਘ ਭਵਾਨੀਗੜ੍ਹ ਦੇ ਖ਼ਿਲਾਫ਼ ਹੀ ਪਰਚਾ ਦਰਜ਼ ਕਰਨ ਦੀ ਧਮਕੀ ਦੇ ਦਿੱਤੀ।
ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਦਾ ਪੱਖ ਬਹੁਤ ਹੀ ਹਲੀਮੀ ਨਾਲ ਸੁਣਿਆ ਅਤੇ ਦੱਸਿਆ ਕਿ ਇਹ ਮਸਲਾ ਦੇ ਧਿਆਨ ਵਿੱਚ ਆ ਗਿਆ ਹੈ, ਉਹ ਐੱਸਡੀਐੱਮ ਲਹਿਰਾ ਨਾਲ ਇਸ ਸੰਬੰਧੀ ਗੱਲ ਕਰਨਗੇ। ਡਿਪਟੀ ਕਮਿਸ਼ਨਰ ਸ੍ਰੀ ਜੋਰਵਾਲ ਨੇ ਆਗੂਆਂ ਨੂੰ ਇਸ ਵਾਰ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰਬੰਧਾਂ ਦੇ ਵਿੱਚ ਕੋਈ ਤਰੁੱਟੀ ਨਾ ਹੋਣ ਅਤੇ ਭਵਿੱਖ ਵਿੱਚ ਅਧਿਆਪਕਾਂ ਅਤੇ ਚੋਣ ਡਿਊਟੀ ਵਾਲੇ ਸਾਰੇ ਮੁਲਾਜ਼ਮਾਂ ਦੇ ਮਾਣ-ਸਤਿਕਾਰ ਦਾ ਪੂਰਾ ਧਿਆਨ ਰੱਖਣ ਦਾ ਵਿਸ਼ਵਾਸ ਦਿਵਾਇਆ।
ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਣ ਤੋਂ ਬਾਅਦ ਅਧਿਆਪਕ ਆਗੂਆਂ ਵੱਲੋਂ ਜਾਇਜ਼ ਡਿਊਟੀਆਂ ਜਿਨ੍ਹਾਂ ਵਿੱਚ ਛੋਟੇ ਬੱਚੇ ਵਾਲੀਆਂ ਅਧਿਆਪਕਾਵਾਂ, ਗਰਭਵਤੀ ਅਧਿਆਪਕਾਵਾਂ, ਕੈਂਸਰ ਨਾਲ ਪੀਡ਼ਤ ਅਧਿਆਪਕ ਅਤੇ ਹੋਰ ਬਹੁਤ ਹੀ ਜਾਇਜ਼ ਕੇਸਾਂ ਵਾਲੇ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਕੱਟਣ ਲਈ ਐੱਸਡੀਐੱਮ ਸੰਗਰੂਰ ਸ੍ਰੀ ਚਰਨਜੋਤ ਸਿੰਘ ਵਾਲੀਆ ਨੂੰ ਮਿਲਿਆ ਗਿਆ। ਉਨ੍ਹਾਂ ਨੇ ਬਡ਼ੇ ਧਿਆਨਪੂਰਵਕ ਅਧਿਆਪਕਾਂ ਦੀ ਗੱਲ ਨੂੰ ਸੁਣਿਆ ਅਤੇ ਇਨ੍ਹਾਂ ਸਾਰੀਆਂ ਚੋਣ ਡਿਊਟੀਆਂ ਨੂੰ ਸਹੀ ਕਰਾਰ ਦਿੰਦੇ ਹੋਏ ਤੁਰੰਤ ਕੱਟਣ ਦਾ ਭਰੋਸਾ ਦਿੱਤਾ।
ਇਸ ਮੌਕੇ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਲੌਂਗੋਵਾਲ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਸੂਬਾ ਕਮੇਟੀ ਮੈਂਬਰ ਮੇਘਰਾਜ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਫਕੀਰ ਸਿੰਘ ਟਿੱਬਾ, ਅਧਿਆਪਕ ਦਲ ਦੇ ਵਰਿੰਦਰਜੀਤ ਬਜਾਜ, ਡੀਟੀਐੱਫ ਦੇ ਜ਼ਿਲ੍ਹਾ ਆਗੂ ਅਮਨ ਵਸ਼ਿਸ਼ਟ, ਕਰਮਜੀਤ ਨਦਾਮਪੁਰ, ਦੀਨਾ ਨਾਥ, ਕੁਲਵੰਤ ਖਨੌਰੀ, ਮਨਜੀਤ ਲਹਿਰਾ, ਕਮਲਜੀਤ ਸਿੰਘ ਬਨਭੌਰਾ, ਕੁਲਦੀਪ ਸਿੰਘ, ਸੁਖਦੀਪ ਸਿੰਘ, ਰਮਨ ਗੋਇਲ ਆਦਿ ਅਧਿਆਪਕ ਆਗੂੂੂੂਆਂ ਤੋਂ ਇਲਾਵਾ ਵੱਖ-ਵੱਖ ਜਨਤਕ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।