ਸੰਗਰੂਰ, 25 ਮਈ – ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਸ. ਕਰਨਬੀਰ ਸਿੰਘ ਛੀਨਾ ਵੱਲੋਂ ‘ਸੇਫ਼ ਸਕੂਲ ਵਾਹਨ’ ਪਾਲਿਸੀ ਅਤੇ ਜ਼ਿਲਾ ਸੜਕ ਸੁਰੱਖਿਆ ਤਹਿਤ ਧੂਰੀ ਫਲਾਈਓਵਰ ਨਜ਼ਦੀਕ ਤਕਰੀਬਨ 20 ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸੇਫ਼ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ 5 ਸਕੂਲੀ ਵਾਹਨਾਂ ਅਤੇ ਰੋਡ ਸੇਫ਼ਟੀ ਦੇ ਮੁੱਦੇ ਤੇ ਵੱਖਰੇ ਤੌਰ ’ਤੇ 6 ਹੋਰ ਚਲਾਨ ਕੀਤੇ ਗਏ ਜਿਨਾਂ ਵਿਚ 2 ਟਰੈਕਟਰ-ਟਰਾਲੀਆਂ ਅਤੇ ਢੋਆ-ਢੁਆਈ ਵਾਲੇ 4 ਹੋਰ ਭਾਰੀ ਵਾਹਨ ਸ਼ਾਮਿਲ ਹਨ।
ਇਸ ਮੌਕੇ ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਨੰੂ ਪਾਰਦਰਸ਼ੀ ਬਣਾਉਣ ਲਈ ਸਮੇਂ ਸਮੇਂ ’ਤੇ ਦਸਤਾਵੇਜ਼ਾਂ, ਬੱਸ ਡਰਾਈਵਰ ਅਤੇ ਕੰਡਕਟਰ ਦੇ ਲਾਇੰਸਸ ਦੀ ਅਚਨਚੇਤ ਜਾਂਚ ਕੀਤੀ ਜਾਵੇਗੀ ਤਾਂ ਕਿ ਭਵਿੱਖ ਅੰਦਰ ਕੋਈ ਵੀ ਵਾਹਨ ਚਾਲਕ ਆਵਾਜਾਈ ਨਿਯਮਾਂ ਦੀ ਉਲੰਘਣਾ ਨਾ ਕਰੇ। ਜਾਂਚ ਦੌਰਾਨ ਉਨਾਂ ਸਮੂਹ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਵਿੱਖ ਵਿੱਚ ਸਾਰੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਸ਼੍ਰੀ ਛੀਨਾ ਨੇ ਦੱਸਿਆ ਕਿ ਸੇਫ਼ ਸਕੂਲ ਵਾਹਨ ਪਾਲਸੀ ਦੇ ਤਹਿਤ ਲਗਾਤਾਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ 15 ਸਾਲ ਤੋਂ ਪੁਰਾਣੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।
ਉਨਾਂ ਬੱਸਾਂ, ਕਾਰਾਂ ਟਰੱਕ ਉਪਰੇਟਰਾਂ ਦੇ ਮਾਲਕਾਂ ਨੰੂ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਕੀਤੀ। ਉਨਾਂ ਸਮੂਹ ਵਾਹਨ ਚਾਲਕਾਂ ਨੰੂ ਨਸ਼ਾ ਨਾ ਕਰਕੇ ਵਾਹਨ ਚਲਾਉਣ ਲਈ ਨਿਰਦੇਸ਼ ਜਾਰੀ ਕੀਤੇ ਤਾਂ ਜੋ ਵਾਹਨ ਚਲਾਉਂਦੇ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨਾਂ ਕਿਹਾ ਕਿ ਹਰੇਕ ਵਾਹਨ ਚਾਲਕ ਆਪਣੀ ਗੱਡੀ ਦੇ ਅੱਗੇ ਤੇ ਪਿੱਛੇ ਰਿਫਲੈਕਟਰ ਲਾਜ਼ਮੀ ਲਗਾਉਣ।