ਬਠਿੰਡਾ, 18 ਮਈ – ਮੁੱਖ ਖੇਤੀਬਾੜੀ ਅਫ਼ਸਰ ਡਾ. ਪਾਖਰ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ.ਜਗਦੀਸ਼ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਲ ਬਠਿੰਡਾ-1 ਦੇ ਪਿੰਡ ਬਹਿਮਣ ਦੀਵਾਨਾ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ.ਅਜੈਪਾਲ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਰ-ਵੱਤਰ ਵਿਧੀ, ਖੇਤ ਦੀ ਤਿਆਰੀ, ਬੀਜ਼ ਦੀ ਦਰ, ਬੀਜ਼ ਸੋਧ ਅਤੇ ਬੀਜਣ, ਸਿੰਚਾਈ, ਤੱਤਾਂ ਦੀ ਘਾਟ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਕੈਂਪ ਵਿੱਚ ਹਾਜ਼ਰ ਪਿੱਛਲੇ ਸਾਲਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੇ ਵੀ ਆਪਣੇ ਤਜ਼ਰਬੇ ਅਤੇ ਵਿਚਾਰ ਸਾਂਝੇ ਕੀਤੇ । ਇਸਦੇ ਨਾਲ ਹੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਵੇਖਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸਦੇ ਫਾਇਦੇ ਦੱਸਦੇ ਕਿਹਾ ਕਿ ਸਿੱਧੀ ਬਿਜਾਈ ਨਾਲ ਆਮ ਝੋਨੇ ਨਾਲੋਂ ਲੱਗਭਗ 20 ਫੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਲੱਗਭਗ 10-20 ਫੀਸਦੀ ਪਾਣੀ ਦਾ ਧਰਤੀ ਵਿੱਚ ਰੀਚਾਰਜ ਹੁੰਦਾ ਹੈ। ਆਮ ਝੋਨੇ ਨਾਲੋਂ ਖਰਚਾ ਵੀ ਘੱਟ ਹੁੰਦਾ ਹੈ।
ਇਸ ਕੈਂਪ ਦੌਰਾਨ ਕਿਸਾਨਾਂ ਨੂੰ ਨਰਮੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਣ ਲਈ ਮੁੱਢਲੇ ਪ੍ਰਬੰਧ ਅਤੇ ਨਰਮੇ ਦੀ ਫ਼ਸਲ ਦੀ ਕਾਸ਼ਤ ਲਈ ਖਾਦਾਂ, ਸਪਰੇਹਾਂ, ਕੀੜੇ-ਮਕੌੜੇ, ਬਿਮਾਰੀਆਂ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਕੈਂਪ ਦੇ ਅਖੀਰ ਵਿੱਚ ਖੇਤੀਬਾੜੀ ਉਪ-ਨਿਰੀਖਕ ਸ਼੍ਰੀਮਤੀ ਕਮਲਜੀਤ ਕੌਰ ਨੇ ਮਿੱਟੀ ਪਾਣੀ ਦੇ ਸੈਂਪਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੈਂਪ ਵਿੱਚ ਆਏ ਹੋਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਵਧੇਰੇ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਨਾਲ ਤਾਲ ਮੇਲ ਰੱਖਣ ਦੀ ਵੀ ਅਪੀਲ ਕੀਤੀ।