ਚੰਡੀਗੜ੍ਹ, 13 ਮਈ – ਮੁਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਚ ਹਾਲ ਹੀ ‘ਚ ਹੋਏ ਧਮਾਕੇ ਦੇ ਮਾਮਲੇ ‘ਚ ਡੀ.ਜੀ.ਪੀ. ਵੀ.ਕੇ. ਭਵਰਾ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਵੀ.ਕੇ. ਭਵਰਾ ਨੇ ਦੱਸਿਆ ਕਿ ਪੁਲਿਸ ਦੇ ਯਤਨਾਂ ਨਾਲ ਮਾਮਲਾ ਟਰੇਸ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੈਡਕੁਆਰਟਰ ’ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਅੰਜਾਮ ਦਿੱਤਾ ਸੀ। ਇਸ ਹਮਲੇ ਦਾ ਮਾਸਟਰਮਾਈਂਡ ਗੈਂਗਸਟਰ ਲਖਬੀਰ ਸਿੰਘ ਲਾਡਾ ਹੈ, ਜੋ ਕੈਨੇਡਾ ਰਹਿੰਦਾ ਹੈ ਤੇ ਪਾਕਿਸਤਾਨ ਰਹਿੰਦੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਹੈ।
ਇਹ ਹਮਲਾ ਬੀਕੇਆਈ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ’ਤੇ ਕੀਤਾ ਸੀ। ਜਿਹੜੇ ਆਰਪੀਜੀ ਨਾਲ ਰਾਕੇਟ ਦਾਗਿਆ ਗਿਆ ਸੀ, ਉਹ ਵੀ ਪਾਕਿਸਤਾਨੀ ਸੀ। ਪੁਲਿਸ ਨੇ ਇਸ ਮਾਮਲੇ ‘ਚ ਇਕ ਔਰਤ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੰਵਰ ਬਾਠ ਅਤੇ ਬਲਜੀਤ ਕੌਰ ਵਜੋਂ ਹੋਈ ਹੈ, ਜਿਨ੍ਹਾਂ ਨੇ ਹਮਲਾਵਰਾਂ ਨੂੰ ਪਨਾਹ ਦਿੱਤੀ ਸੀ, ਬਲਜਿੰਦਰ ਸਿੰਘ ਉਰਫ਼ ਰੈਂਬੋ, ਆਨੰਦ ਸੋਨੂੰ ਅਤੇ ਜਗਦੀਪ ਸਿੰਘ ਕੰਗ। ਇਸ ਮਾਮਲੇ ‘ਚ 3 ਸ਼ੱਕੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ- ਚੜ੍ਹਤ ਸਿੰਘ, ਮੁਹੰਮਦ ਨਸੀਮ ਆਲਮ ਅਤੇ ਸ਼ਰਦ। ਦਸ ਦੇਈਏ ਕਿ ਨਿਸ਼ਾਨ ਸਿੰਘ ਨੂੰ ਪਹਿਲਾਂ ਹੀ ਇਕ ਹੋਰ ਕੇਸ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀ.ਜੀ.ਪੀ. ਨੇ ਕਿਹਾ ਕਿ ਇਸ ਮਾਮਲੇ ‘ਚ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਮੁੱਖ ਸਾਜ਼ਿਸ਼ਕਰਤਾ ਤਰਨਤਾਰਨ ਵਾਸੀ ਲਖਬੀਰ ਸਿੰਘ ਲਾਡਾ ਸੀ, ਜੋ ਕਿ 2017 ‘ਚ ਕੈਨੇਡਾ ਚਲਾ ਗਿਆ ਸੀ। ਉਹ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਾਥੀ ਹੈ। ਉਨ੍ਹਾਂ ਨੇ ਆਈਐਸਆਈ ਦੀ ਮਦਦ ਨਾਲ ਇਹ ਅਪਰਾਧ ਕੀਤਾ।