ਭਾਗਲਪੁਰ, 10 ਮਈ – ਸੁਲਤਾਨਗੰਜ ‘ਚ ਬਣ ਰਿਹਾ ਪੁਲ 29 ਅਪ੍ਰੈਲ ਦੀ ਰਾਤ ਨੂੰ ਆਏ ਤੂਫਾਨ ਦਾ ਸਾਮ੍ਹਣਾ ਨਹੀਂ ਕਰ ਸਕਿਆ। ਤੇਜ਼ ਹਵਾ ਕਾਰਨ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਢਹਿ ਗਿਆ। ਪੁਲ ਦਾ ਨਿਰਮਾਣ 2015 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਪੁਲ ਦੇ ਡਿੱਗਣ ਦਾ ਜੋ ਕਾਰਨ ਦੱਸਿਆ ਗਿਆ ਹੈ, ਉਸ ਅਨੁਸਾਰ ਇਹ ਪੁਲ ਝੱਖੜ ਅਤੇ ਮੀਂਹ ਕਾਰਨ ਡਿੱਗਿਆ ਹੈ। ਇਸ ਦਾ ਟੈਂਡਰ ਐਸ.ਪੀ ਸਿੰਗਲਾ ਕੰਪਨੀ ਨੂੰ ਮਿਲਿਆ ਹੈ ਅਤੇ ਇਸ ਪੁਲ ਦੀ ਲਾਗਤ 1711 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਇੰਨੀ ਵੱਡੀ ਰਕਮ ਨਾਲ ਬਣੇ ਪੁਲ ਦੇ ਤੂਫਾਨ ਵਿੱਚ ਡਿੱਗਣ ਦੇ ਦਾਅਵੇ ਦੀ ਗੂੰਜ ਪੂਰੇ ਦੇਸ਼ ਵਿੱਚ ਸੁਣਾਈ ਦਿੱਤੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ‘ਤੇ ਹੈਰਾਨੀ ਪ੍ਰਗਟਾਈ ਹੈ। ਇਸ ਤੋਂ ਬਾਅਦ ਬਿਹਾਰ ਸਰਕਾਰ ਹਰਕਤ ਵਿੱਚ ਆ ਗਈ ਹੈ। ਸੜਕ ਨਿਰਮਾਣ ਮੰਤਰੀ ਨੇ ਕਿਹਾ ਹੈ ਕਿ ਪੁਲ ਦੇ ਡਿੱਗਣ ਦੀ ਜਾਂਚ ਚੱਲ ਰਹੀ ਹੈ ਅਤੇ ਇੱਕ ਹਫ਼ਤੇ ਵਿੱਚ ਰਿਪੋਰਟ ਮਿਲ ਜਾਵੇਗੀ। ਉਸ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਇੱਕ ਸੀਨੀਅਰ ਅਧਿਕਾਰੀ ਦੇ ਬਿਆਨ ‘ਤੇ ਹੈਰਾਨੀ ਪ੍ਰਗਟ ਕੀਤੀ, ਜਿਸ ਨੇ ਸੁਲਤਾਨਗੰਜ ਵਿੱਚ ਇੱਕ ਨਿਰਮਾਣ ਅਧੀਨ ਸੜਕ ਪੁਲ ਦੇ ਡਿੱਗਣ ਲਈ “ਤੇਜ਼ ਹਵਾਵਾਂ” ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰੋਗਰਾਮ ‘ਚ ਕੇਂਦਰੀ ਸੜਕ ਆਵਾਜਾਈ ਮੰਤਰੀ ਨੇ ਕਿਹਾ, ”ਬਿਹਾਰ ‘ਚ 29 ਅਪ੍ਰੈਲ ਨੂੰ ਇਕ ਪੁਲ ਡਿੱਗ ਗਿਆ ਸੀ। ਆਪਣੇ ਸਕੱਤਰ ਨੂੰ ਇਸ ਦਾ ਕਾਰਨ ਪੁੱਛਣ ‘ਤੇ ਉਸ ਨੇ ਜਵਾਬ ਦਿੱਤਾ ਕਿ ਇਹ ਤੇਜ਼ ਹਵਾ ਅਤੇ ਧੁੰਦ ਕਾਰਨ ਹੋਇਆ ਹੈ। ਕੇਂਦਰੀ ਮੰਤਰੀ ਨੇ ਹੈਰਾਨੀ ਜਤਾਈ ਕਿ ਇਕ ਆਈਏਐਸ ਅਧਿਕਾਰੀ ਇਸ ਤਰ੍ਹਾਂ ਦੇ ਸਪੱਸ਼ਟੀਕਰਨ ‘ਤੇ ਕਿਵੇਂ ਵਿਸ਼ਵਾਸ ਕਰ ਸਕਦਾ ਹੈ? ਗਡਕਰੀ ਨੇ ਕਿਹਾ, ”ਮੈਨੂੰ ਸਮਝ ਨਹੀਂ ਆ ਰਿਹਾ ਕਿ ਹਵਾ ਅਤੇ ਧੁੰਦ ਕਾਰਨ ਪੁਲ ਕਿਵੇਂ ਡਿੱਗ ਸਕਦਾ ਹੈ। ਕੋਈ ਗਲਤੀ ਜ਼ਰੂਰ ਹੋਈ ਹੋਵੇਗੀ ਜਿਸ ਕਾਰਨ ਇਹ ਪੁਲ ਡਿੱਗਿਆ ਹੈ।
ਸੁਲਤਾਨਗੰਜ ‘ਚ 1711 ਕਰੋੜ ਦੀ ਲਾਗਤ ਨਾਲ ਬਣ ਰਿਹਾ ਪੁਲ ਤੂਫਾਨ ‘ਚ ਡਿੱਗਣ ਤੋਂ ਬਾਅਦ ਬਿਹਾਰ ਸਰਕਾਰ ਨੂੰ ਕਾਫੀ ਨੁਕਸਾਨ ਹੋਇਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਇਤਰਾਜ਼ ਤੋਂ ਬਾਅਦ ਬਿਹਾਰ ਦੇ ਸੜਕ ਨਿਰਮਾਣ ਮੰਤਰੀ ਨਿਤਿਨ ਨਵੀਨ ਨੇ ਕਿਹਾ ਕਿ ਐਨਆਈਟੀ ਪਟਨਾ ਦੀ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਆਈਆਈਟੀ ਰੁੜਕੀ ਅਤੇ ਮੁੰਬਈ ਨਾਲ ਵੀ ਸੰਪਰਕ ਕੀਤਾ ਗਿਆ ਹੈ ਤਾਂ ਜੋ ਉਥੋਂ ਦੇ ਮਾਹਿਰ ਵੀ ਆ ਕੇ ਇਸ ਪੁਲ ਦੀ ਜਾਂਚ ਕਰ ਸਕਣ।