ਬਠਿੰਡਾ: ਕਣਕ ਦੀ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਵੱਖ-ਵੱਖ ਤਰੀਕਿਆਂ ਨਾਲ ਝੋਨੇ ਦੀ ਸਫ਼ਲ ਕਾਸ਼ਤ ਕਰਨ ਵਾਲਾ ਜ਼ਿਲ੍ਹੇ ਦੇ ਪਿੰਡ ਫੂਲ ਦਾ ਅਗਾਂਹ ਵਧੂ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਹੋਰਨਾਂ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਤਾਲ-ਮੇਲ ਰੱਖਦੇ ਹੋਏ ਗੁਰਪ੍ਰੀਤ ਸਿੰਘ ਨੇ ਸਾਲ 2017 ਦੌਰਾਨ ਤਕਰੀਬਨ 3 ਏਕੜ ਵਿੱਚ ਹੈਪੀ ਸੀਡਰ ਨਾਲ ਤਜ਼ਰਬੇ ਦੇ ਤੌਰ ਤੇ ਕਣਕ ਦੀ ਬੀਜਾਈ ਕੀਤੀ ਜੋ ਕਿ ਬੁਹਤ ਹੀ ਸਫ਼ਲ ਹੋਈ ਤੇ ਝਾੜ ਵੀ ਪੂਰਾ ਨਿਕਲਿਆ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਬਲਾਕ ਫੂਲ ਦੇ ਸਹਿਯੋਗ ਨਾਲ ਸਾਲ 2018 ਵਿਚ ਸਬਸਿਡੀ ਤੇ ਆਪਣਾ ਹੈਪੀ ਸੀਡਰ ਖ਼ਰੀਦ ਲਿਆ ਤੇ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਮਜ਼ਦੂਰਾਂ ਦੀ ਮਦਦ ਨਾਲ ਪਰਾਲੀ ਨੂੰ ਖਿਲਾਰ ਕੇ ਹੈਪੀ ਸੀਡਰ ਨਾਲ ਬਾਕੀ ਰਹਿੰਦੇ ਏਕੜਾਂ ਚ ਕਣਕ ਦੀ ਬਿਜਾਈ ਕੀਤੀ, ਜੋ ਕਿ ਬੁਹਤ ਸਫ਼ਲ ਤਜ਼ਰਬਾ ਰਿਹਾ। ਇਸ ਤਰ੍ਹਾਂ ਬਿਜਾਈ ਕਰਨ ਨਾਲ ਕਣਕ ਦੇ ਉਗਣ ਵਿਚ ਕੋਈ ਕਠਿਨਾਈ ਨਹੀਂ ਆਈ। ਇਸ ਤਰ੍ਹਾਂ ਬੀਜੀ ਕਣਕ ਨੂੰ ਅਖੀਰ ਤੇ ਇਕ ਪਾਣੀ ਦੀ ਘੱਟ ਜ਼ਰੂਰਤ ਪਈ। ਕਿਉਂਕਿ ਪਰਾਲੀ ਜ਼ਮੀਨ ਨੂੰ ਢੱਕ ਕੇ ਰੱਖਦੀ ਹੈ, ਜਿਸ ਨਾਲ ਜ਼ਮੀਨ ਚ ਗਿਲ ਲੋੜ ਅਨੁਸਾਰ ਬਣੀ ਰਹਿੰਦੀ।
ਹੈਪੀ ਸੀਡਰ ਨਾਲ ਸਮੇਂ ਅਤੇ ਖਰਚੇ ਦੀ ਬੱਚਤ ਦੇ ਨਾਲ-ਨਾਲ ਨਦੀਨਾਂ ਦੀ ਸਮੱਸਿਆ ਵੀ ਹੱਲ ਹੋ ਗਈ ਤੇ ਕਣਕ ਦੀ ਵਾਢੀ ਸਮੇਂ ਪਰਾਲੀ ਬਿਲਕੁਲ ਮਿੱਟੀ ਵਿੱਚ ਮਿਲ ਗਈ। ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਚ ਵਾਧਾ ਹੋਇਆ। ਇਸ ਤੋਂ ਬਾਅਦ ਕਿਸਾਨ ਨੇ ਹੈਪੀ ਸੀਡਰ ਦੀ ਵਰਤੋਂ ਕਰਕੇ ਆਪਣੇ ਖੇਤਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਕਰਾਏ ਉਪਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨਾਲ ਕਿਸਾਨ ਗੁਰਪ੍ਰੀਤ ਦੀ ਆਮਦਨ ਵਿੱਚ ਵਾਧਾ ਹੋਇਆ।
ਪਿੰਡ ਫੂਲ ਦੇ ਮਿਹਨਤੀ ਕਿਸਾਨ ਗੁਰਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੇ ਨਾੜ ਨੂੰ ਬਿਨਾਂ ਅੱਗ ਲਗਾ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ। ਇਸ ਤਰ੍ਹਾਂ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ ਉੱਥੇ ਝਾੜ ਵਿੱਚ ਵੀ ਕਾਫ਼ੀ ਵਾਧਾ ਹੁੰਦਾ ਹੈ।