ਬਠਿੰਡਾ, 4 ਜਨਵਰੀ (ਬਲਵਿੰਦਰ ਸ਼ਰਮਾ): ਕੋਰੋਨਾ ਕਾਲ ਦੇ ਚਲਦਿਆਂ ਲੜਕੀਆਂ ਨੂੰ ਲੱਗਣ ਵਾਲੀ ਕੈਂਸਰ ਵੈਕਸੀਨੇਸ਼ਨ ਸਿੱਖਿਆ ਤੇ ਸਿਹਤ ਵਿਭਾਗ ਦੇ ਗਲੇ ਦੀ ਫਾਂਸ ਬਣ ਗਈ ਹੈ। ਕਿਉਂਕਿ ਸਕੂਲ ਬੰਦ ਕਰ ਦਿੱਤੇ ਹਨ ਤੇ ਵੈਕਸੀਨੇਸ਼ਨ ਦੀ ਮਿਤੀ 6 ਅਤੇ 7 ਜਨਵਰੀ ਰੱਖੀ ਗਈ ਹੈ। ਸਿਤਮ ਇਹ ਹੈ ਕਿ ਜੇ ਇਹ ਵੈਕਸੀਨੇਸ਼ਨ ਜਨਵਰੀ ’ਚ ਨਾ ਲੱਗ ਸਕੀ ਤਾਂ ਇਹ ਐਕਸਪਾਇਰ ਹੋ ਜਾਵੇਗੀ। ਬਠਿੰਡਾ ਤੇ ਮਾਨਸਾ ਕੈਂਸਰ ਦੇ ਮੁੱਖ ਕੇਂਦਰ ਹਨ ਤੇ ਲੋਕਾਂ ’ਚ ਡਰ ਹੋਣਾ ਸੁਭਾਵਿਕ ਹੈ।
ਇਕੱਤਰ ਜਾਣਕਾਰੀ ਮੁਤਾਬਕ 2015-2016 ਦੌਰਾਨ ਸਿਹਤ ਮਹਿਕਮੇ ਦੇ ਧਿਆਨ ਵਿਚ ਆਇਆ ਕਿ ਪੰਜਾਬ ਅੰਦਰ ਔਰਤਾਂ ’ਚ ਬੱਚੇਦਾਨੀ ਦੇ ਕੈਂਸਰ ਹੋਣ ਦੇ ਲੱਛਣ ਪਾਏ ਜਾ ਰਹੇ ਹਨ, ਜੋ ਅੱਗੇ ਚੱਲ ਕੇ ਵਿਕਰਾਲ ਰੂਪ ਵੀ ਧਾਰਨ ਕਰ ਸਕਦੇ ਹਨ। ਪੰਜਾਬ ’ਚ ਬਠਿੰਡਾ ਤੇ ਮਾਨਸਾ ਜ਼ਿਲਿਆਂ ਨੂੰ ਇਸਦਾ ਮੁੱਖ ਕੇਂਦਰ ਮੰਨਿਆ ਗਿਆ। ਕਿਉਂਕਿ ਇਲਾਕੇ ’ਚ ਕੈਂਸਰ ਦੇ ਮਰੀਜ਼ਾਂ ਦੀ ਬਹੁਤਾਤ ਪੰਜਾਬ ਦੇ ਮੁਕਾਬਲਤਨ ਪਹਿਲਾਂ ਹੀ ਜ਼ਿਆਦਾ ਪਾਈ ਗਈ ਹੈ। ਇਸ ਲਈ ਸਿਹਤ ਮਹਿਕਮੇ ਨੇ 2017 ’ਚ ਵੈਕਸੀਨੇਸ਼ਨ ਡ੍ਰਾਇਵ ਚਲਾਈ, ਜਿਸਦਾ ਨਾਂ ਐੱਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਮ) ਹੈ। ਉਸ ਸਮੇਂ ਜਿਹੜੀਆਂ ਲੜਕੀਆਂ 6ਵੀਂ ਜਾਂ 7ਵੀਂ ਕਲਾਸ ਵਿਚ ਸਨ, ਨੂੰ ਵੈਕਸੀਨੇਸ਼ਨ ਦਿੱਤੀ ਗਈ ਹੈ, ਜੋ ਹੁਣ 10ਵੀਂ ਤੇ 11ਵੀਂ ਵਿਚ ਹੋ ਚੁੱਕੀਆਂ ਹਨ। ਜਿਨ੍ਹਾਂ ਦੀ ਗਿਣਤੀ ਸੂਬੇ ਭਰ ’ਚ ਕਰੀਬ 70 ਹਜ਼ਾਰ ਹੈ, ਜਦਕਿ ਬਠਿੰਡਾ ਅਤੇ ਮਾਨਸਾ ’ਚ ਇਹ ਗਿਣਤੀ 10 ਹਜ਼ਾਰ ਲਗਪਗ ਹੈ।
ਹੁਣ ਇਸ ਵੈਕਸੀਨੇਸ਼ਨ ਦੀ ਦੂਸਰੀ ਡੋਜ਼ ਚਾਰ ਸਾਲ ਬਾਅਦ ਲੱਗਣੀ ਹੈ। ਇਹ ਵੈਕਸੀਨੇਸ਼ਨ ਸਿਹਤ ਵਿਭਾਗ ਕੋਲ ਉਪਲੱਬਧ ਵੀ ਹੈ। ਜਿਸ ਵਾਸਤੇ 6 ਅਤੇ 7 ਜਨਵਰੀ ਰੱਖੀ ਗਈ ਸੀ। ਜਦਕਿ ਇਸ ਦੀ ਬਕਾਇਦਾ ਤਿਆਰੀ ਵੀ ਕੀਤੀ ਗਈ ਹੈ। ਸਿਹਤ ਮਹਿਕਮਾ ਇਸ ਸੰਬੰਧੀ ਰਹਿਸਲਾਂ ਵੀ ਕਰ ਚੁੱਕਾ ਹੈ।
ਪ੍ਰੰਤੂ ਹੁਣ ਕੋਰੋਨਾ ਦੇ ਤੀਸਰੇ ਪੜਾਅ ਓਮੀਕਰਨ ਦੇ ਕੇਸ ਪੰਜਾਬ ’ਚ ਲਗਾਤਾਰ ਵਧ ਰਹੇ ਹਨ। ਭਾਵੇਂ ਓਮੀਕਰਨ ਨੂੰ ਬਹੁਤ ਜ਼ਿਆਦਾ ਖਤਰਨਾਕ ਨਹੀਂ ਮੰਨਿਆ ਜਾ ਰਿਹਾ। ਫਿਰ ਵੀ ਸਰਕਾਰ ਇਸ ਸੰਬੰਧੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਲਈ 5 ਜਨਵਰੀ ਤੋਂ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਹੋ ਚੁੱਕੇ ਹਨ। ਜੇਕਰ ਸਕੂਲ ਹੀ ਬੰਦ ਰਹਿਣਗੇ ਤਾਂ ਐੱਚ.ਪੀ.ਵੀ. ਵੈਕਸੀਨੇਸ਼ਨ ਲਗਾਉਣੀ ਮੁਸ਼ਕਿਲ ਹੋ ਜਾਵੇਗੀ।
ਇਸ ਤੋਂ ਵੀ ਵੱਡੀ ਸਮੱਸਿਆ ਇਹ ਕਿ ਜਿਹੜੀ ਵੈਕਸੀਨੇਸ਼ਨ ਸਿਹਤ ਵਿਭਾਗ ਕੋਲ ਉਪਲੱਬਧ ਹੈ, ਉਸਦੀ ਸਮਾਂ ਅਵਧੀ ਜਨਵਰੀ 2022 ਤੱਕ ਹੀ ਹੈ, ਜੋ ਫਰਵਰੀ 2022 ’ਚ ਐਕਸਪਾਇਰ ਹੋ ਜਾਵੇਗੀ। ਇਸ ਲਈ ਇਹ ਵੈਕਸੀਨੇਸ਼ਨ ਬਰਬਾਦ ਹੋ ਜਾਵੇਗੀ ਤੇ ਹੋਰ ਵੈਕਸੀਨੇਸ਼ਨ ਦਾ ਪ੍ਰਬੰਧ ਕਰਨਾ ਪਵੇਗਾ। ਜਦਕਿ ਵੈਕਸੀਨੇਸ਼ਨ ਲੱਗਣ ਦਾ ਸਮਾਂ ਚਾਰ ਸਾਲ ਵੀ ਪੂਰੇ ਹੋ ਚੁੱਕੇ ਹਨ। ਅਜਿਹੇ ਹਾਲਾਤਾਂ ਵਿਚ ਸਿਹਤ ਅਤੇ ਸਿੱਖਿਆ ਵਿਭਾਗ ਕਸੂਤੇ ਫਸੇ ਨਜ਼ਰ ਆ ਰਹੇ ਹਨ। ਹਾਲਾਂਕਿ ਵੈਕਸੀਨੇਸ਼ਨ ਦੇਣ ਦੇ ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ ਹਨ, ਪਰ ਹਾਲ ਦੀ ਘੜੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।
ਇਸ ਸੰਬੰਧੀ ਡੀ.ਆਈ.ਓ. ਡਾ. ਮੀਨਾਕਸ਼ੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵੈਕਸੀਨੇਸ਼ਨ ਦੇਣ ਦੀ ਤਿਆਰੀ ਪੂਰੀ ਕਰ ਲਈ ਸੀ। ਪ੍ਰੰਤੂ ਹੁਣ ਸਕੂਲ ਬੰਦ ਹੋ ਗਏ ਹਨ। ਸਮੱਸਿਆ ਜ਼ਰੂਰ ਹੈ, ਫਿਰ ਵੀ ਉਹ ਕੋਈ ਹੋਰ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ।